ਸ਼ਿਵਮ ਮਹਾਜਨ
ਲੁਧਿਆਣਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਸਿੱਧ ਸਿੱਖ ਕ੍ਰਾਂਤੀਕਾਰੀ ਬਾਬਾ ਮਹਾਰਾਜ ਸਿੰਘ ਜੀ, ਜੋ ਕਿ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਸਨ, ਦੇ ਬੁੱਤ ਦਾ ਉਦਘਾਟਨ ਜ਼ਿਲਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਵਿਖੇ ਕੀਤਾ। ਇਸ ਪਿੱਛੋਂ ਉਨਾਂ ਨੇ ਪਿੰਡ ਦੇ ਹੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਵੀ ਟੇਕਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਮਹਾਰਾਜ ਸਿੰਘ ਨੇ ਪਹਿਲੀ ਸਿੱਖ-ਅੰਗਰੇਜ਼ ਜੰਗ ਪਿੱਛੋਂ ਪੰਜਾਬ ਵਿੱਚ ਅੰਗਰੇਜ਼ ਵਿਰੋਧੀ ਲਹਿਰ ਦੀ ਅਗਵਾਈ ਕੀਤੀ। ਮੁੱਖ ਮੰਤਰੀ ਨੇ ਲੋਕਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜੂਝਣ ਹਿੱਤ ਪ੍ਰੇਰਦੇ ਹੋਏ ਆਜ਼ਾਦੀ ਦੀ ਜੰਗ ਦੇ ਇਸ ਪਹਿਲੇ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਚੱਲਣ ਲਈ ਕਿਹਾ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਬਾਬਾ ਮਹਾਰਾਜ ਸਿੰਘ ਜੀ ਇਕ ਮਹਾਨ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨਾਂ ਅੱਗੇ ਕਿਹਾ ਕਿ 1857 ਦੇ ਵਿਦਰੋਹ ਨੂੰ ਦੇਸ਼ ਦੀ ਆਜ਼ਾਦੀ ਦੀ ਜੰਗ ਦੀ ਸ਼ੁਰੂਆਤ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਇਤਿਹਾਸ ਨੇ ਇਹ ਸਾਬਿਤ ਕਰ ਦਿੱਤਾ ਕਿ ਬਾਬਾ ਮਹਾਰਾਜ ਸਿੰਘ ਨੇ ਉਸੇ ਸਮੇਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਜਦੋਂ ਉਨਾਂ ਨੇ ਆਖਰੀ ਸਿੱਖ ਹੁਕਮਰਾਨ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ।
ਪਰ, ਅੰਗਰੇਜ਼ਾਂ ਨੂੰ ਬਾਬਾ ਮਹਾਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਯੋਜਨਾਬੰਦੀ ਦੀ ਸੂਹ ਮਿਲ ਗਈ ਜਿਸ ਦੇ ਸਿੱਟੇ ਵਜੋਂ ਉਨਾਂ ਨੇ ਬਾਬਾ ਮਹਾਰਾਜ ਸਿੰਘ ਨੂੰ ਕੈਦ ਕਰ ਕੇ ਸਿੰਗਾਪੁਰ ਭੇਜ ਦਿੱਤਾ ਜਿੱਥੇ ਬਾਬਾ ਮਹਾਰਾਜ ਸਿੰਘ ਜੀ ਕਈ ਤੰਗੀਆਂ ਨਾਲ ਜੂਝਦੇ ਹੋਏ 5 ਜੁਲਾਈ, 1856 ਨੂੰ ਸ਼ਹੀਦ ਹੋ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Ludhiana, Punjab government, Statue