ਪੰਜਾਬ ਪੁਲਿਸ ਨੂੰ ਅਪਰਾਧੀਆਂ ਨੂੰ ਕਾਬੂ ਕਰਨ ਦੀ ਮੁਹਿਮ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ । ਦਰਅਸਲ ਪੰਜਾਬ ਦੇ ਲੁਧਿਆਣਾ 'ਚ ਪਾਰਸ ਖੱਤਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਗੈਂਗਸਟਰ ਅਜੇ ਪੰਡਿਤ ਨੂੰ ਸੀਆਈਏ-2 ਦੀ ਪੁਲਿਸ ਨੇ ਹਿਮਾਚਲ ਦੇ ਊਨਾ ਦੇ ਪਿੰਡ ਬਸੌਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਅਜੈ ਪੰਡਿਤ ਖਿਲਾਫ 12 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਕਾਫੀ ਸਮੇਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ।
ਪੁਲਿਸ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਤੋਂ ਦੋ ਪਿਸਤੌਲ ਅਤੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮੁਲਜ਼ਮ ਦੀ ਜੇਲ੍ਹ ਵਿੱਚ ਕਿਸੇ ਵਿਅਕਤੀ ਨਾਲ ਮਿਲੀਭੁਗਤ ਵੀ ਸੀ। ਉਸ ਮੁਲਜ਼ਮ ਨੂੰ ਵੀ ਪੁਲਿਸ ਦੇ ਵੱਲੋਂ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਂਦਾ ਜਾ ਰਿਹਾ ਹੈ।ਇੰਨਾ ਹੀ ਨਹੀਂ ਅਜੈ ਦੇ ਖਿਲਾਫ ਹਿਮਾਚਲ ਪ੍ਰਦੇਸ਼ ਦੇ ਵਿੱਚ 307 ਦਾ ਮਾਮਲਾ ਵੀ ਦਰਜ ਹੈ।
ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਜੈ ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਲੁਕਿਆ ਹੋਇਆ ਹੈ। ਏਡੀਸੀਪੀ-4 ਤੁਸ਼ਾਰ ਗੁਪਤਾ ਦੀ ਅਗਵਾਈ ਵਿੱਚ ਇੰਸਪੈਕਟਰ ਬੇਅੰਤ ਜੁਨੇਜਾ ਨੇ ਹਿਮਾਚਲ ਵਿੱਚ ਛਾਪੇਮਾਰੀ ਕਰ ਕੇ ਅਜੈ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਅਜੈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਲਜ਼ਾਮ ਹੈ ਕਿ ਅਜੈ ਪੰਡਿਤ ਨੇ ਪਾਰਸ ਖੱਤਰੀ ਅਤੇ ਉਸ ਦੇ ਦੋਸਤ ਅਭਿਸ਼ੇਕ 'ਤੇ ਭਾਮੀਆਂ ਕਲਾਂ ਦੇ ਹੁੰਦਲ ਚੌਕ 'ਚ ਬਾਜ਼ਾਰ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਜਿਸ 'ਚ ਪਾਰਸ ਦੀ ਮੌਤ ਹੋ ਗਈ, ਜਦਕਿ ਅਭਿਸ਼ੇਕ ਗੰਭੀਰ ਜ਼ਖਮੀ ਹੋ ਗਿਆ ਸੀ। ਜਸ ਤੋਂ ਬਾਅਦ ਜਮਾਲਪੁਰ ਥਾਣਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਗੈਂਗਸਟਰ ਅਜੇ ਪੰਡਿਤ ਅਪਰਾਧ ਦੀ ਦੁਨੀਆ ਵਿਚ ਨਵਾਂ ਨਹੀਂ ਹੈ, ਸਗੋਂ ਬਹੁਤ ਪੁਰਾਣਾ ਖਿਡਾਰੀ ਹੈ। ਅਜੈ ਪੰਡਿਤ ਮਹਾਂਨਗਰ ਵਿੱਚ ਲੜਾਈ-ਝਗੜੇ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ ਅਤੇ ਕਈ ਲੋਕਾਂ ਨਾਲ ਉਸ ਦੀ ਦੁਸ਼ਮਣੀ ਵੀ ਚੱਲ ਰਹੀ ਹੈ। ਲੋਕ ਅੱਜ ਵੀ ਉਸ ਦੀ ਚਿੱਟੀ ਸਫਾਰੀ ਕਾਰ ਨੂੰ ਚੰਗੀ ਤਰ੍ਹਾਂ ਯਾਦ ਕਰਦੇ ਹਨ।
ਜਦੋਂ ਪੁਲਿਸ ਇਸ ਨੂੰ ਗ੍ਰਿਫਤਾਰ ਕਰਨ ਦੇ ਲਈ ਗਈ ਤਾਂ ਪਿੱਛਾ ਕਰ ਰਹੀ ਪੁਲਿਸ ਪਾਰਟੀ 'ਤੇ ਗੈਂਗਸਟਰ ਅਜੇ ਪੰਡਿਤ ਨੇ ਵੀ ਗੋਲੀਆਂ ਚਲਾ ਦਿੱਤੀਆਂ ਸਨ। ਮੁਲਜ਼ਮ ਗੈਂਗਸਟਰ ਅਜੈ ਪੰਡਿਤ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਆਈਪੀਐਸ ਸਵਪਨਾ ਸ਼ਰਮਾ ਨੇ ਮੁਲਜ਼ਮ ਗੈਂਗਸਟਰ ਅਜੇ ਪੰਡਿਤ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ ਅਤੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਅਜੈ ਪੰਡਿਤ ਦਾ ਦਬਦਬਾ ਖਤਮ ਕਰਨ ਲਈ ਸਵਪਨਾ ਸ਼ਰਮਾ ਨੇ ਆਪਣੇ ਕਈ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਸੀ। ਇਸ ਤੋਂ ਬਾਅਦ ਲੋਕਾਂ ਦੇ ਮਨਾਂ 'ਚੋਂ ਅਜੇ ਪੰਡਿਤ ਦਾ ਡਰ ਨਿਕਲ ਗਿਆ ਸੀ।
ਅਜੈ ਪੰਡਿਤ ਕਰੀਬ ਇੱਕ ਸਾਲ ਪਹਿਲਾਂ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਹ ਛੋਟੀਆਂ-ਛੋਟੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਪਰ ਬਾਅਦ ਵਿੱਚ ਉਹ ਮਾਮਲੇ ਪੁਲਿਸ ਕੋਲ ਜਾਣ ਤੋਂ ਪਹਿਲਾਂ ਹੀ ਸੁਲਝਾ ਲਏ ਗਏ ।ਹਾਲਾਂਕਿ ਉਨ੍ਹਾਂ ਦਾ ਭਰਾ ਰਾਜਨ ਪੰਡਿਤ ਇਸ ਸਮੇਂ ਲਾਈਮਲਾਈਟ 'ਚ ਸੀ। ਉਹ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ ਅਤੇ ਮਹਾਨਗਰ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।