ਸ਼ਿਵਮ ਮਹਾਜਨ
ਲੁਧਿਆਣਾ: ਪੰਜਾਬ ‘ਚ ਬਿਜਲੀ ਦੀ ਮੰਗ ਜ਼ੋਰ ਫੜਨ ਲੱਗੀ ਹੈ। ਪਾਵਰਕਾਮ ਨੂੰ ਸੂਬੇ ਨੂੰ 10,304 ਮੈਗਾਵਾਟ ਬਿਜਲੀ ਸਪਲਾਈ ਕਰਨੀ ਪਈ। ਇਹ ਮੌਜੂਦਾ ਗਰਮੀਆਂ ਦੇ ਮੌਸਮ ਦੀ ਇੱਕ ਦਿਨ ਦੀ ਸਭ ਤੋਂ ਵੱਧ ਸਪਲਾਈ ਹੈ। ਇਸ ਦੇ ਲਈ ਪਾਵਰ ਕਾਮ ਨੇ ਸੈਂਟਰਲ ਪੂਲ ਤੋਂ ਕਰੀਬ 5,550 ਮੈਗਾਵਾਟ ਬਿਜਲੀ ਲਈ ਹੈ।
ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਦੇ ਇੱਕ-ਇੱਕ ਯੂਨਿਟ ਨੂੰ ਵੀ ਮੁੜ ਚਾਲੂ ਕਰਨ ਨਾਲ ਰਾਹਤ ਮਿਲੀ ਹੈ। ਪਾਵਰਕਾਮ ਨੇ 22.5 ਕਰੋੜ ਰੁਪਏ ਵਿੱਚ 5.58 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 40.30 ਮਿਲੀਅਨ ਯੂਨਿਟ ਬਿਜਲੀ ਖਰੀਦੀ। ਮਾਹਰਾਂ ਦਾ ਕਹਿਣਾ ਹੈ ਕਿ 5.58 ਰੁਪਏ ਪ੍ਰਤੀ ਯੂਨਿਟ ਦੀ ਦਰ ਘੱਟ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਪਾਵਰ ਕਾਮ 10.30 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਿਹਾ ਹੈ।
ਦੂਜੇ ਪਾਸੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲਾਂ ਦਾ ਇਕ-ਇਕ ਯੂਨਿਟ ਜੋ ਬੰਦ ਸਨ ਨੇ ਮੰਗਲਵਾਰ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਾਵਰਕਾਮ ਨੂੰ ਸਰਕਾਰੀ ਥਰਮਲ ਪਲਾਂਟਾਂ ਤੋਂ 1,262 ਮੈਗਾਵਾਟ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 2,649 ਮੈਗਾਵਾਟ ਬਿਜਲੀ ਮਿਲੀ। ਇਸ ਤੋਂ ਇਲਾਵਾ ਸੈਂਟਰਲ ਪੂਲ ਤੋਂ 5,550 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਗਈ।
ਬੀਤੇ ਦਿਨੀਂ ਸ਼ਾਮ 5 ਵਜੇ ਤੱਕ ਪਾਵਰਕਾਮ ਨੂੰ ਬਿਜਲੀ ਕੱਟਾਂ ਦੀਆਂ 30 ਹਜ਼ਾਰ ਸ਼ਿਕਾਇਤਾਂ ਮਿਲੀਆਂ। ਇਨ੍ਹਾਂ ‘ਚੋਂ ਸਭ ਤੋਂ ਵੱਧ ਲੁਧਿਆਣਾ ‘ਚ 2374 ਸ਼ਿਕਾਇਤਾਂ ਆਈਆਂ। ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰਾਹੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਸਥਿਤ ਤਾਪ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਕੀਤੀ ਜਾ ਰਹੀ ਹੈ।
ਹਾਲਾਂਕਿ ਪੰਜਾਬ ਦੇ ਬਿਜਲੀ ਘਰਾਂ ਨੂੰ ਲੋੜੀਂਦੀ ਮਾਤਰਾ ‘ਚ ਕੋਲਾ ਨਾ ਮਿਲਣ ਕਾਰਨ ਸਥਿਤੀ ਨਾਜ਼ੁਕ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਦਿਨਾਂ 'ਚ ਕੋਲੇ ਦੀ ਆਮਦ ਤੋਂ ਬਾਅਦ ਬਿਜਲੀ ਸਪਲਾਈ ਦੀ ਸਥਿਤੀ 'ਚ ਸੁਧਾਰ ਦੇਖਣ ਨੂੰ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।