ਸ਼ਿਵਮ ਮਹਾਜਨ
ਸਰਕਾਰੀ ਸਕੂਲਾਂ 'ਚ ਇਕੱਠੇ 20 ਵਿਦਿਆਰਥੀਆਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਹੀ ਕਾਰਨ ਹੈ ਕਿ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਖੁਦ ਫ਼ੀਲਡ 'ਚ ਨਿਕਲ ਕੇ ਸਕੂਲਾਂ 'ਚ ਚੱਲ ਰਹੀ ਸੈਂਪਲਿੰਗ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਿੱਟਰੀ ਰੋਡ `ਚ ਸੈਂਪਲਿੰਗ ਮੁਹਿੰਮ ਦਾ ਜਾਇਜ਼ਾ ਲੈਣ ਤੋਂ ਬਾਅਦ ਡੀ. ਸੀ. ਨੇ ਹੈਲਥ ਵਿਭਾਗ ਨੂੰ ਰੋਜ਼ਾਨਾ 1500 ਵਿਦਿਆਰਥੀਆਂ ਦੇ ਸੈਂਪਲ ਲੈਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਡੀ.ਈ.ਓਜ਼ ਨੂੰ ਹੁਕਮ ਦਿੱਤੇ ਕਿ ਸਕੂਲਾਂ 'ਚ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲੱਗੇ ਸਟਾਫ ਵੱਲੋਂ ਹੀ ਪੜ੍ਹਾਵੇਗਾ।
ਦੱਸ ਦੇਈਏ ਕਿ ਜ਼ਿਆਦਾਤਰ ਨਿੱਜੀ ਸਕੂਲਾਂ 'ਚ ਅਜਿਹਾ ਸਟਾਫ ਹੈ, ਜਿਨ੍ਹਾਂ ਦੇ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲੱਗੀਆਂ। ਉਨ੍ਹਾਂ ਨੇ ਸਕੂਲਾਂ ਦੀਆਂ ਕਲਾਸਾਂ 'ਚ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦੀ ਵੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਕਿਹਾ। ਸਿੱਖਿਆ ਵਿਭਾਗ ਤੋਂ ਮਿਲੀ ਸੂਚਨਾ ਮੁਤਾਬਕ ਸ਼ਹਿਰ ਦੇ ਸਕੂਲਾਂ 'ਚ 127 ਵਿਦਿਆਰਥੀਆਂ ਦੇ ਰੈਪਿਡ ਟੈਸਟ ਕੀਤੇ ਗਏ ਅਤੇ ਸਾਰੇ ਨੈਗੇਟਿਵ ਪਾਏ ਗਏ। ਨਾਲ ਹੀ ਕੁੱਲ 1479 ਵਿਦਿਆਰਥੀਆਂ ਦੇ ਸੈਂਪਲ ਅੱਜ ਜ਼ਿਲੇ ਦੇ ਸਕੂਲਾਂ ਵਿਚ ਲਏ ਗਏ।
ਡੀ.ਸੀ. ਨੇ ਕਿਹਾ ਕਿ ਹਾਲ ਦੀ ਘੜੀ ਸਿਰਫ਼ ਉਹੀ ਸਕੂਲ ਬੰਦ ਕੀਤੇ ਜਾਣਗੇ, ਜਿੱਥੇ ਟੈਸਟਿੰਗ 'ਚ ਕੋਰੋਨਾ ਦੇ ਕੇਸ ਸਾਹਮਣੇ ਆਉਣਗੇ, ਜਦੋਂਕਿ ਬਾਕੀਆਂ 'ਚ ਪੜ੍ਹਾਈ ਉਸੇ ਤਰ੍ਹਾਂ ਜਾਰੀ ਰਹੇਗੀ। 1-2 ਸਕੂਲਾਂ 'ਚ ਕੇਸ ਆਉਣ ਤੋਂ ਬਾਅਦ ਇਕਦਮ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਕੋਈ ਵਿਚਾਰ ਨਹੀਂ ਹੈ।
ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ 'ਚ ਹੈਲਥ ਵਿਭਾਗ ਦੀਆਂ ਟੀਮਾਂ ਨੇ 12ਵੀਂ ਦੇ 77 ਵਿਦਿਆਰਥੀਆਂ ਅਤੇ 23 ਅਧਿਆਪਕਾਂ ਦੇ ਸੈਂਪਲ ਲਏ। ਨਗਰ ਨਿਗਮ ਦੀ ਟੀਮ ਨੇ ਸਕੂਲ ਨੂੰ ਸੈਨੇਟਾਈਜ਼ ਕੀਤਾ। ਜਦੋਂ ਕਿ ਕੈਲਾਸ਼ ਨਗਰ ਹਾਈ ਸਕੂਲ ਵਿਚ ਅੱਜ ਤੋਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਟੈਸਟਿੰਗ ਸ਼ੁਰੂ ਹੋਵੇਗੀ। ਬਸਤੀ ਜੋਧੇਵਾਲ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਨੂੰ ਕਿਹਾ ਹੈ। ਰੋਜ਼ਾਨਾ ਸਕੂਲ 'ਚ 100 ਵਿਦਿਆਰਥੀਆਂ ਦੇ ਟੈਸਟ ਹੋਇਆ ਕਰਨਗੇ।
ਸਕੂਲਾਂ 'ਚ 20 ਵਿਦਿਆਰਥੀਆਂ ਦੇ ਪੌਜ਼ੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਦੇ ਮੁਹੱਲਿਆਂ 'ਚ ਵੀ ਮੈਡੀਕਲ ਟੀਮਾਂ ਭੇਜ ਕੇ ਸੈਂਪਲਿੰਗ ਸ਼ੁਰੂ ਕਰਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ 12 ਮੁਹੱਲਿਆਂ 'ਚ ਰਹਿਣ ਵਾਲੇ ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਇਲਾਕੇ ਦੇ ਲੋਕਾਂ ਦੀ ਟੈਸਟਿੰਗ ਮੁਹਿੰਮ ਚਲਾਈ ਗਈ ਹੈ। ਡੀ. ਸੀ. ਨੇ ਦੱਸਿਆ ਕਿ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਜੇਕਰ ਲੋੜ ਪਈ ਤਾਂ ਵਾਇਰਸ ਨੂੰ ਰੋਕਣ ਲਈ ਕੰਟੇਨਮੈਂਟ ਜ਼ੋਨ, ਬਣਾਏ ਜਾ ਸਕਦੇ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona, Corona vaccine, Government schools, Ludhiana, Punjab government, Vaccine