ਰਵੀ ਆਜ਼ਾਦ
ਭਵਾਨੀਗੜ੍ਹ: ਨੇੜਲੇ ਪਿੰਡ ਬਾਸੀਅਰਕ 'ਚ ਇੱਕ ਪੈਟਰੋਲ ਪੰਪ ਦੇ ਚੌਕੀਦਾਰ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਪਿੱਛੇ ਵਜ੍ਹਾ ਕੀ ਰਹੀ ਪੁਲਸ ਇਸ ਦੀ ਗੰਭੀਰਤਾ ਨਾਲ ਜਾਂਚ ਕਰਨ ਵਿੱਚ ਜੁੱਟ ਗਈ ਹੈ। ਵਾਰਦਾਤ ਸਮੇੰ ਪੈਟਰੋਲ ਪੰਪ 'ਤੇ ਲੱਗੇ ਦੋ ਸੀਸੀਟੀਵੀ ਕੈਮਰਿਆਂ 'ਚੋੰ ਇੱਕ ਹੀ ਚੱਲ ਰਿਹਾ ਸੀ ਜਿਸ ਵਿੱਚ ਇਹ ਘਟਨਾ ਕੈਦ ਨਹੀੰ ਹੋ ਸਕੀ। ਮ੍ਰਿਤਕ ਦੇ ਲੜਕੇ ਸੁਖਜਿੰਦਰ ਸਿੰਘ ਵਾਸੀ ਬਾਸੀਅਰਕ ਨੇ ਦੱਸਿਆ ਕਿ ਉਸਦਾ ਪਿਤਾ ਗੁਰਦੇਵ ਸਿੰਘ (62) ਪਿਛਲੇ ਪੰਜ ਮਹੀਨਿਆਂ ਤੋੰ ਇੱਥੇ ਦਿੜ੍ਹਬਾ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਚੌਕੀਦਾਰ ਵਜੌੰ ਕੰਮ ਕਰਦਾ ਸੀ, ਜਿਸਨੂੰ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕਿਸੇ ਤੇਜਧਾਰ ਹਥਿਆਰ ਨਾਲ ਸਿਰ 'ਤੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।
ਓਧਰ ਮੌਕੇ 'ਤੇ ਜਾਂਚ ਕਰਨ ਪਹੁੰਚੇ ਪੁਲਸ ਅਧਿਕਾਰੀ ਡੀਐੱਸਪੀ (ਡੀ) ਸੰਗਰੂਰ ਮੋਹਿਤ ਅਗਰਵਾਲ, ਸੀਆਈਏ ਇੰਚਾਰਜ ਸਤਨਾਮ ਸਿੰਘ ਅਤੇ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵੱਲੋਂ ਚੋਰੀ ਜਾਂ ਲੁੱਟ ਨੂੰ ਅੰਜਾਮ ਨਹੀਂ ਦਿੱਤਾ ਗਿਆ। ਡੀਐੱਸਪੀ ਮੋਹਿਤ ਅਗਰਵਾਲ ਨੇ ਕਿਹਾ ਕਿ ਪੁਲਸ ਇਸ ਕਤਲ ਦੀ ਵਾਰਦਾਤ ਸਬੰਧੀ ਡੂੰਘਾਈ ਨਾਲ ਜਾਂਚ ਕਰਨ ਵਿੱਚ ਲੱਗੀ ਹੋਈ ਹੈ ਕਿ ਆਖਰਕਾਰ ਕਤਲ ਦੇ ਪਿਛੇ ਅਸਲ ਕੀ ਕਾਰਣ ਰਿਹਾ। ਪੁਲਸ ਨੇ ਦਾਅਵਾ ਕੀਤਾ ਕਿ ਕਤਲ ਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Murder