ਉਮਰ ‘ਤੇ ਜਜ਼ਬਾ ਭਾਰੀ, ਜ਼ਿੱਦ ਨਾਲ ਪੂਰੇ ਕੀਤੇ ਸੁਪਨੇ

News18 Punjabi | News18 Punjab
Updated: July 24, 2020, 9:53 AM IST
share image
ਉਮਰ ‘ਤੇ ਜਜ਼ਬਾ ਭਾਰੀ, ਜ਼ਿੱਦ ਨਾਲ ਪੂਰੇ ਕੀਤੇ ਸੁਪਨੇ
56 ਸਾਲਾ ਮਨਜੀਤ ਕੌਰ ਨੇ ਕੀਤੀ 12ਵੀਂ ਪਾਸ

ਕੈਂਸਰ ਪੀੜਤ ਮਨਜੀਤ ਕੌਰ ਨੇ 56 ਵਰ੍ਹਿਆਂ ਦੀ ਉਮਰ ‘ਚ 12ਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ ਹੈ। ਪੜ੍ਹਾਈ ਜਾਰੀ ਰੱਖਣ ਲਈ ਕਈ ਵਾਰ ਦਵਾਈ ਦਾ ਸਮਾਂ ਵੀ ਬਦਲਿਆ ਤਾਂ ਜੋ ਦਵਾਈ ਨਾਲ ਨੀਂਦ ਨਾ ਆਵੇ ਤੇ ਉਹ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਣ।

  • Share this:
  • Facebook share img
  • Twitter share img
  • Linkedin share img
ਰਮਨਦੀਪ ਸਿੰਘ ਭਾਗੂ

ਇਨਸਾਨ ਸਾਰੀ ਉਮਰ ਵਿਦਿਆਰਥੀ ਹੁੰਦਾ ਹੈ। ਜ਼ਿੰਦਗੀ ਦੇ ਹਰ ਮੋੜ ‘ਤੇ ਉਹ ਕੁਝ ਨਾ ਕੁਝ ਸਿੱਖਦਾ ਹੈ। ਪਰ ਕਈਆਂ ਅੰਦਰ ਸਿੱਖਣ ਦਾ ਜਜ਼ਬਾ ਇੰਨਾ ਪੱਕਾ ਤੇ ਦ੍ਰਿੜ ਹੁੰਦਾ ਹੈ ਉਹ ਆਪਣੇ ਮਿੱਥੇ ਟੀਚਿਆਂ ਨੂੰ ਹਾਸਲ ਕਰਨ ਲਈ ਨਵੇਂ ਰਾਹ ਸਿਰਜਦੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਹਣ ਦੀ ਮਨਜੀਤ ਕੌਰ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ।

ਮਨਜੀਤ ਕੌਰ ਦੀ ਤਸਵੀਰ
ਮਨਜੀਤ ਕੌਰ ਨੇ 56 ਵਰ੍ਹਿਆਂ ਦੀ ਉਮਰ ‘ਚ 12ਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ ਹੈ। ਮਨਜੀਤ ਕੈਂਸਰ ਦੀ ਵੀ ਮਰੀਜ਼ ਹੈ। ਪਰ ਉਸਦਾ ਪੜ੍ਹਨ, ਵਕੀਲ ਬਣਨ ਤੇ ਗਰੀਬ ਲੋਕਾਂ ਦੇ ਕੇਸ ਮੁਫ਼ਤ ‘ਚ ਲੜਨ ਦਾ ਸੁਪਨਾ ਇੰਨਾ ਪੱਕਾ ਹੈ ਕਿ ਉਸ ਨੇ ਸਾਰੀਆਂ ਮੁਸ਼ਕਿਲਾਂ ਨੂੰ ਪਿੱਛੇ ਛੱਡ ਦਿੱਤਾ। ਮਨਜੀਤ ਕੌਰ ਨੇ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਈ ਵਾਰ ਆਪਣੀ ਦਵਾਈ ਦਾ ਸਮਾਂ ਵੀ ਬਦਲਿਆ ਤਾਂ ਜੋ ਉਹਨਾਂ ਨੂੰ ਦਵਾਈ ਨਾਲ ਨੀਂਦ ਨਾ ਆਵੇ ਤੇ ਉਹ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਣ।

ਸਾਲ 2018 ‘ਚ ਹੁਸ਼ਿਆਰਪੁਰ ਦੇ ਦਾਤਾ ਪਿੰਡ ਦੇ ਸੋਹਣ ਸਿੰਘ ਗਿੱਲ ਨੇ 83 ਸਾਲ ਦੀ ਉਮਰ ‘ਚ ਅੰਗਰੇਜੀ ਦੀ MA ਕੀਤੀ ਸੀ। ਸੋਹਣ ਸਿੰਘ 1958 ‘ਚ ਮਹਿਲਪੁਰ ਦੇ ਖਾਲਸਾ ਕਾਲਜ ਤੋਂ ਆਰਟਸ ਵਿਸ਼ੇ ‘ਚ ਗ੍ਰੇਜੂਏਟ ਕੀਤੀ। BA ਕਰਨ ਤੋਂ ਬਾਅਦ ਉਹਨਾਂ MA ਕਰਨ ਦੀ ਸੋਚੀ ਪਰ ਘਰਦਿਆਂ ਨੇ ਵਿਆਹ ਕਰ ਦਿੱਤਾ। ਇਸ ਦੇ ਬਾਅਦ ਸੋਹਣ ਸਿੰਘ ਕੀਨੀਆ ਚਲੇ ਗਏ। 33 ਸਾਲ ਕੀਨੀਆ ‘ਚ ਕੰਮ ਕਰਨ ਤੋਂ ਬਾਅਦ ਉਹ ਵਾਪਸ ਪੰਜਾਬ ਪਰਤੇ, ਪਰ ਸੋਹਣ ਸਿੰਘ ਦਾ MA ਕਰਨ ਦਾ ਸੁਪਨਾ ਅਜੇ ਵੀ ਜਵਾਨ ਸੀ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸੋਹਣ ਸਿੰਘ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਦਾਖਲਾ ਲਿਆ ਤੇ 2018 ‘ਚ ਅੰਗਰੇਜੀ ਦੀ MA ਪਾਸ ਕਰ ਲਈ।

ਬਰੇਲੀ ਦੇ ਰਾਜ ਕੁਮਾਰ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ। ਉਹਨਾਂ ਨੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਦੇ ਬਾਅਦ 97 ਸਾਲ ਦੀ ਉਮਰ ‘ਚ ਇਕਨੋਮਿਕਸ ਵਿਸ਼ੇ ‘ਚ MA ਪਾਸ ਕੀਤੀ ਤੇ ਲਿਮਕਾ ਬੁੱਕ ਆਫ ਰਿਕਾਰਡਜ਼ ‘ਚ ਆਪਣਾ ਨਾਂ ਦਰਜ ਕਰਵਾ ਲਿਆ। 1938 ‘ਚ ਉਹਨਾਂ ਆਗਰਾ ਯੂਨੀਵਰਸਿਟੀ ਤੋਂ ਗ੍ਰੇਜੂਏਟ ਕੀਤੀ ਸੀ ਅਤੇ ਫਿਰ 79 ਸਾਲ ਬਾਅਦ 2017 ‘ਚ ਉਹਨਾਂ ਆਪਣੀ ਪੋਸਟ ਗ੍ਰੇਜੂਏਟ ਦੀ ਡਿਗਰੀ ਹਾਸਲ ਕੀਤੀ। ਇਹਨਾਂ ਲੋਕਾਂ ਨੇ ਆਪਣੀ ਜ਼ਿੱਦ ਨਾਲ ਆਪਣੇ ਸੁਪਨੇ ਪੂਰੇ ਕੀਤੇ ਹਨ।

ਇੱਕ ਰਿਪੋਰਟ ਮੁਤਾਬਿਕ ਸਾਡੇ ਦੇਸ਼ ‘ਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ 1.5 ਫੀਸਦ ਅਬਾਦੀ ਸਿੱਖਿਆ ਹਾਸਲ ਕਰ ਰਹੀ ਹੈ। ਇਹਨਾਂ ਲੋਕਾਂ ‘ਚੋਂ 45 ਫੀਸਦ ਸਕੂਲਾਂ ਅਤੇ 23 ਫੀਸਦ ਕਾਲਜਾਂ ਜ਼ਰੀਏ ਪੜ੍ਹਾਈ ਕਰ ਰਹੇ ਹਨ। 9 ਫੀਸਦ ਲੋਕ ਵੋਕੇਸ਼ਨਲ ਕੋਰਸ ਕਰ ਰਹੇ ਹਨ ਜਦਕਿ 14 ਫੀਸਦ ਸਾਹਿਤਕ ਕਲਾਸਾਂ ਲਾ ਰਹੇ ਹਨ। ਜੋ ਲੋਕ ਇਹ ਸੋਚ ਦੇ ਹਨ ਕਿ ਉਹਨਾਂ ਦੇ ਪੜ੍ਹਨ ਲਿਖਣ ਦੀ ਉਮਰ ਲੰਘ ਗਈ ਹੈ ਤਾਂ ਉਹ ਗਲਤ ਹਨ ਕਿਉਂਕਿ ਇਹਨਾਂ ਲੋਕਾਂ ਦੀ ਕਹਾਣੀ ਦੱਸਦੀ ਹੈ ਕਿ ਪੜ੍ਹਨ ਲਿਖਣ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ।
Published by: Ashish Sharma
First published: July 23, 2020, 8:59 PM IST
ਹੋਰ ਪੜ੍ਹੋ
ਅਗਲੀ ਖ਼ਬਰ