ਬਕਾਏ ਦੀ ਵਸੂਲੀ ਲਈ ਮਨਪ੍ਰੀਤ ਸਿੰਘ ਬਾਦਲ ਨੇ ਯਕਮੁਸ਼ਤ ਸਕੀਮ-2021 ਕੀਤੀ ਲਾਂਚ

News18 Punjabi | News18 Punjab
Updated: January 12, 2021, 9:22 PM IST
share image
ਬਕਾਏ ਦੀ ਵਸੂਲੀ ਲਈ ਮਨਪ੍ਰੀਤ ਸਿੰਘ ਬਾਦਲ ਨੇ ਯਕਮੁਸ਼ਤ ਸਕੀਮ-2021 ਕੀਤੀ ਲਾਂਚ
ਬਕਾਏ ਦੀ ਵਸੂਲੀ ਲਈ ਮਨਪ੍ਰੀਤ ਸਿੰਘ ਬਾਦਲ ਨੇ ਯਕਮੁਸ਼ਤ ਸਕੀਮ-2021 ਕੀਤੀ ਲਾਂਚ

ਸਕੀਮ ਤਹਿਤ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਆਪਣੇ ਬਕਾਇਆਂ ਦੇ ਨਿਪਟਾਰੇ ਕਰਨ ਲਈ ਮਿਲੇਗਾ ਲਾਭ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

  • Share this:
  • Facebook share img
  • Twitter share img
  • Linkedin share img
ਲੁਧਿਆਣਾ/ ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਬਕਾਇਆ ਦੀ ਵਸੂਲੀ ਲਈ ਯਕਮੁਸ਼ਤ ਨੀਤੀ 2021 ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਇਹਨਾਂ ਦੇ ਬਕਾਏ ਦਾ ਭੁਗਤਾਨ ਅਤੇ ਨਿਪਟਾਰਾ ਕੀਤਾ ਜਾ ਸਕੇ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਦੂਸਰੇ ਮੰਤਰਾਲਿਆਂ ਦੀ ਕਾਰਗੁਜਾਰੀ ਵਿੱਤ ਮੰਤਰਾਲੇ ਦੀ ਝਲਕ ਦਿਖਾਉਂਦੀ ਹੈ। ਉਹਨਾਂ ਕਿਹਾ, “ਕੋਵਿਡ -19 ਮਹਾਂਮਾਰੀ ਅਤੇ ਕੇਂਦਰ ਦੇ ਜੀ.ਐੱਸ.ਟੀ. ਅਤੇ ਆਰ.ਡੀ.ਐੱਫ. ਦੇ ਹਿੱਸੇ ‘ਤੇ ਰੋਕ ਦੇ ਬਾਵਜੂਦ ਸੂਬਾ ਓਵਰਡਰਾਫਟ ਨਹੀਂ ਹੋਇਆ।” ਉਹਨਾਂ ਕਿਹਾ ਕਿ ਪੰਜਾਬ ਵਿਸੇਸ ਤੌਰ ‘ਤੇ ਲੁਧਿਆਣਾ ਨੇ ਆਰਥਿਕ ਵਿਕਾਸ ਵਿਚ ਕਾਫ਼ੀ ਤਰੱਕੀ ਕੀਤੀ ਹੈ ਜੋ ਕਿ ਪੰਜਾਬੀ ਭਾਈਚਾਰੇ ਦੇ ਮਿਹਨਤੀ ਸੁਭਾਅ ਦਾ ਨਤੀਜਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ‘ਤੇ ਪੰਜਾਬੀ ਭਾਈਚਾਰੇ ਦਾ ਭਰੋਸਾ ਕਦੇ ਵੀ ਤੋੜਿਆ ਨਹੀਂ ਜਾ ਸਕੇਗਾ।

ਇਹ ਜਾਣਕਾਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਇਥੇ ਡਾ. ਮਨਮੋਹਨ ਸਿੰਘ ਆਡੀਟੋਰੀਅਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਯਕਮੁਸ਼ਤ ਨੀਤੀ ਸਬੰਧੀ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਪੀਪੀਸੀਬੀ ਪ੍ਰਧਾਨ ਸੁਨੀਲ ਜਾਖੜ ਮੌਜੂਦ ਸਨ।

ਕੇਂਦਰ ਸਰਕਾਰ ਨੂੰ ਨਿਸਾਨਾ ਬਣਾਉਂਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਪੱਖਪਾਤੀ ਰਵੱਈਆ ਇਸ ਗੱਲ ਤੋਂ ਸਪੱਸਟ ਹੈ ਕਿ ਯੂਏਈ ਵਲੋਂ ਭਾਰਤ ਵਿਚ ਤਿਆਰ ਕੀਤੇ ਜਾ ਰਹੇ ਤਿੰਨ ਫੂਡ ਪਾਰਕਾਂ ਵਿਚੋਂ, ਇਕ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ ਹਾਲਾਂਕਿ ਯੂਏਈ ਸਰਕਾਰ ਵਲੋਂ ਸਪੱਸਟ ਤੌਰ ‘ਤੇ ਪੰਜਾਬ ਵਿਚ ਫੂਡ ਪਾਰਕ ਸਥਾਪਤ ਕਰਨ ਸਬੰਧੀ ਡੂੰਘੀ ਦਿਲਚਸਪੀ ਦਿਖਾਈ ਗਈ ਸੀ।
ਇਸ ਨੀਤੀ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਨੀਤੀ ਨਾਲ 47000 ਵਪਾਰੀਆਂ ਨੂੰ ਲਾਭ ਮਿਲੇਗਾ। ਬੁੱਢਾ ਨਾਲੇ ਦੇ ਮੁੜ ਸੁਰਜੀਤੀ ਕਰਨ ਸਬੰਧੀ 650 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦੀ ਅਗਲੇ 10 ਸਾਲਾਂ ਲਈ ਨਿਰਵਿਘਨ ਪ੍ਰਗਤੀ ਵਾਸਤੇ ਪੰਜਾਬ ਸਰਕਾਰ ਵਲੋਂ ਐਮਸੀ ਬੈਂਕ ਖਾਤੇ ਵਿਚ 320 ਕਰੋੜ ਰੁਪਏ ਪਹਿਲਾਂ ਹੀ ਭੇਜ ਦਿੱਤੇ ਗਏ ਹਨ।

ਲੁਧਿਆਣਾ ਓਆਇਲ ਐਕਸਪੈਲਰਜ਼ ਐਂਡ ਪਾਰਟ ਮੈਨੂਫੈਕਚਰਿੰਗ ਐਸੋਸੀਏਸ਼ਨ ਵਲੋਂ ਤਿਆਰ ਸਾਂਝੇ ਸੁਵਿਧਾ ਕੇਂਦਰ ਦਾ ਉਦਘਾਟਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਲੁਧਿਆਣਾ ਓਆਇਲ ਐਕਸਪੈਲਰਜ਼ ਐਂਡ ਪਾਰਟ ਮੈਨੂਫੈਕਚਰਿੰਗ ਕਲੱਸਟਰ ਸੂਬੇ ਲਈ ਕਾਫ਼ੀ ਲਾਹੇਬੰਦ ਸਿੱਧ ਹੋਵੇਗਾ ਅਤੇ ਉਹਨਾਂ ਸਾਰਿਆਂ ਨੂੰ ਪੰਜਾਬ ਦੀ ਭਲਾਈ ਅਤੇ ਬਿਹਤਰੀ ਲਈ ਯੋਗਦਾਨ ਪਾਉਣ ਲਈ ਵੀ ਕਿਹਾ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀ ਮੁੱਢਲੀ ਪਹੁੰਚ ਉਦਯੋਗਿਕ ਪ੍ਰਾਜੈਕਟਾਂ ਦੀ ਮਨਜ਼ੂਰੀ ਵਿਚ ਲਾਲ ਫੀਤਾਸ਼ਾਹੀ ਨੂੰ ਦੂਰ ਕਰਨ ਵੱਲ ਹੈ ਜੋ ਉਦਯੋਗਾਂ ਵਿਚ ਨੈਤਿਕ ਹੁਲਾਰੇ ਲਈ ਲਾਭਦਾਇਕ ਸਿੱਧ ਹੋਈ ਹੈ। ਕੇਂਦਰ ਸਰਕਾਰ ‘ਤੇ ਵਰਦਿਆਂ ਉਹਨਾਂ ਹੈਰਾਨੀ ਜ਼ਾਹਰ ਕੀਤੀ ਕਿ ਖੇਤੀਬਾੜੀ ਨੀਤੀਆਂ ਉਹਨਾਂ ਦੁਆਰਾ ਬਣਾਈਆਂ ਜਾ ਰਹੀਆਂ ਹਨ ਜੋ ਖੇਤੀਬਾੜੀ ਬਾਰੇ ਕੁਝ ਨਹੀਂ ਜਾਣਦੇ। ਉਹਨਾ ਕਿਹਾ ਕਿ ਜੀਐਸਟੀ ਵਿਚ ਹੁਣ ਤੱਕ ਤਕਰੀਬਨ 2000 ਸੋਧਾਂ ਕੀਤੀਆਂ ਗਈਆਂ ਹਨ ਜਿਸ ਨੂੰ ਕੇਂਦਰ ਸਰਕਾਰ ਨੇ ਆਪਣੀ ਉਤਮ ਪਹਿਲਕਦਮੀ ਦੱਸਿਆ ਸੀ।

ਸੂਬੇ ਦੇ ਉਦਯੋਗ ਦੀਆਂ ਮੁੱਖ ਸਮਰੱਥਾਵਾਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ‘ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 8000 ਕਰੋੜ ਰੁਪਏ ਦੇ ਜੀਐਸਟੀ ਅਤੇ 1000 ਕਰੋੜ ਰੁਪਏ ਦੇ ਆਰਡੀਐਫ ਹਿੱਸੇ ‘ਤੇ ਰੋਕ ਦੇ ਬਾਵਜੂਦ ਸੂਬਾ ਸਰਕਾਰ ਸੂਬੇ ਦੇ ਉਦਯੋਗਿਕ ਖੇਤਰ ਦੀ ਪ੍ਰਗਤੀ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਅਤੇ ਪੱਛਮੀ ਲੁਧਿਆਣਾ ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਲੁਧਿਆਣਾ ਵਿਚ ਤੇਜ਼ੀ ਨਾਲ ਸ਼ਹਿਰੀ ਵਿਕਾਸ ਕੀਤਾ ਜਾਵੇਗਾ। ਉਹਨਾਂ ਲੁਧਿਆਣਾ ਵਿਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ 600 ਕਰੋੜ ਰੁਪਏ ਮਨਜ਼ੂਰ ਕਰਨ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਬੁੱਢਾ ਨਾਲੇ ਨੂੰ ਬੁੱਡਾ ਦਰਿਆਂ ਵਿਚ ਬਦਲਣ ਦਾ ਵਾਅਦਾ ਕਰਦਿਆਂ ਉਹਨਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਕ ਹੋਰ ਤੋਹਫ਼ਾ ਇਹ ਯਕਮੁਸ਼ਤ ਸਕੀਮ ਹੈ ਜੋ ਸ਼ਹਿਰ ਦੀਆਂ ਉਦਯੋਗਿਕ ਇਕਾਈਆਂ ਨੂੰ ਹੁਲਾਰਾ ਦੇਵੇਗੀ ਜਿਹਨਾਂ ਨੇ ਕੋਵਿਡ-19 ਸਮਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਮੈਂ ਤਰੱਕੀ ਸਬੰਧੀ ਲੁਧਿਆਣਾ ਨੂੰ ਮੋਹਰੀ ਬਣਾਉਣ ਲਈ ਲੁਧਿਆਣਾ ਦੇ ਉਦਯੋਗ ਵਿਸ਼ੇਸ਼ ਤੌਰ ‘ਤੇ ਹੌਜ਼ਰੀ ਅਤੇ ਸਾਇਕਲ ਉਦਯੋਗ ਦਾ ਰਿਣੀ ਵੀ ਹਾਂ।

ਜਲੰਧਰ ਤੋਂ ਵੀਡੀਓ ਕਾਨਫਰੰਸ ਜ਼ਰੀਏ ਜੁੜਦਿਆਂ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਸੱਤਾ ਸੰਭਾਲਣ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਸੂਬੇ ਨੂੰ ਉਦਯੋਗਿਕ ਪਾਵਰਹਾਉਸ ਵਿਚ ਤਬਦੀਲ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਵੱਡੇ ਪੱਧਰ ‘ਤੇ ਪੂਰਾ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ 71000 ਕਰੋੜ ਰੁਪਏ ਦਾ ਨਵਾਂ ਨਿਵੇਸ਼ ਹੋਇਆ, 270000 ਲੋਕਾਂ ਨੂੰ ਰੁਜ਼ਗਾਰ ਮਿਲਿਆ, ਲੁਧਿਆਣਾ ਵਿਚ ਸਾਇਕਲ ਵੈਲੀ ‘ਤੇ 411 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਸੂਬੇ ਭਰ ਵਿਚ 146 ਕਰੋੜ ਰੁਪਏ ਦੀ ਲਾਗਤ ਨਾਲ 17 ਫੋਕਲ ਪੁਆਇੰਟ ਬਣਾਏ ਜਾ ਰਹੇ ਹਨ ਤੇ 40 ਕਰੋੜ ਰੁਪਏ ਇਕੱਲੇ ਲੁਧਿਆਣਾ ਵਿਚ ਖਰਚ ਕੀਤੇ ਜਾ ਰਹੇ ਹਨ। ਕੋਵਿਡ ਮਹਾਂਮਾਰੀ ਦੌਰਾਨ ਮਾਸਕ ਅਤੇ ਕਿੱਟਾਂ ਦੀ ਸਪਲਾਈ ਲਈ ਟੈਕਟਾਇਲ ਉਦਯੋਗ ਵਲੋਂ ਤਿਆਰ ਕਿੱਟਾਂ ਲਈ 300 ਕਰੋੜ ਰੁਪਏ ਦੇ ਆਰਡਰ ਪ੍ਰਾਪਤ ਹੋਏ ਜਿਸ ਨਾਲ ਹਜ਼ਾਰਾ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਿਆ।

ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਰਾਜ ਦੇ ਛੋਟੇ ਕਾਰੋਬਾਰੀਆਂ ਲਈ ਇੱਕ ਵੱਡਾ ਮੌਕਾ ਹੈ ਜਿਨਾਂ ਦਾ ਕਾਰੋਬਾਰ ਕਾਂਗਰਸ ਦੇ ਸ਼ਾਸਨ ਦੌਰਾਨ ਹਮੇਸ਼ਾ ਪ੍ਰਫੁੱਲਤ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਿਕ ਖੇਤਰ ਵਿੱਚ ਨਵੇਂ ਨਿਵੇਸ ਅਤੇ ਰਾਹਤ ਨੂੰ ਯਕੀਨੀ ਬਣਾਇਆ ਹੈ। ਚਾਹੇ ਇਹ ਵੱਡਾ ਹੋਵੇ ਜਾਂ ਛੋਟਾ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇਸ ਸੈਕਟਰ ਦੇ ਵਿਕਾਸ ਅਤੇ ਖੁਸਹਾਲੀ ਨੂੰ ਹਮੇਸ਼ਾ ਪਹਿਲ ਦਿੰਦੀ ਹੈ ਕਿਉਂਕਿ ਇਹ ਪੰਜਾਬ ਦੇ ਵਿਕਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ। ਪੀਏਯੂ ਦੀ ਸ਼ਲਾਘਾ ਕਰਦਿਆਂ, ਉਨਾਂ ਦੱਸਿਆ ਕਿ ਇਹ ਸੰਸਥਾ ਉਦਯੋਗਿਕ ਕ੍ਰਾਂਤੀ ਦੀ ਸਮਰਥਕ ਰਹੀ ਹੈ ਜਿਸ ਲਈ ਰਾਜ ਹਮੇਸ਼ਾ ਇਸ ਸੰਸਥਾ ਦਾ ਰਿਣੀ ਰਹੇਗਾ।

ਸੀ.ਆਈ.ਸੀ.ਯੂ. ਦੇ ਜਨਰਲ ਸਕੱਤਰ ਪੰਕਜ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਕਾਰੋਬਾਰ ਕਰਨ ਵਿੱਚ ਅਸਾਨਤਾ ਅਤੇ ਪ੍ਰਾਜੈਕਟਾਂ ਦੀ ਤੇਜ਼ੀ ਨਾਲ ਪ੍ਰਵਾਨਗੀ ਲਈ ਉਸਾਰੂ ਮਾਹੌਲ ਸਿਰਜਿਆ ਗਿਆ ਜਿਸ ਤਹਿਤ ਇੱਕੋ ਵਾਰੀ ’ਚ 60 ਮਨਜੂਰੀਆਂ ਦਿੱਤੀਆਂ ਗਈਆਂ ।ਉਨਾਂ ਨੇ ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ਨਾਲ ਸਬੰਧਤ ਵਿਕਾਸ ਕੇਂਦਰਿਤ ਪ੍ਰਾਜੈਕਟਾਂ ਨੂੰ ਹਮੇਸਾਂ ਪਹਿਲ ਦਿੱਤੇ ਜਾਣ ਨੂੰ ਯਕੀਨੀ ਬਣਾਉਣ ਲਈ ਪਾਏ ਬੇਮਿਸਾਲ ਯੋਗਦਾਨ ਦੀ ਸ਼ਲਾਘਾ ਕੀਤੀ ਕਿਉਂ ਕਿ ਇਹ ਸ਼ਹਿਰ ਆਲਮੀ ਪੱਧਰ ’ਤੇ ਉਦਯੋਗ ਦੇ ਹੱਬ ਵਜੋਂ ਉੱਭਰਿਆ ਹੈ।

ਹੀਰੋ ਸਾਈਕਲ ਇੰਡਸਟਰੀਜ ਦੇ ਚੇਅਰਮੈਨ, ਪੰਕਜ ਮੁੰਜਲ ਨੇ ਸਾਈਕਲ ਕਾਰੋਬਾਰ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਿਹਾ ਕਿ ਕੋਵਿਡ -19 ਮਹਾਂਮਾਰੀ ਕਰਕੇ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਆਈ । ਉਨਾਂ ਇਹ ਵੀ ਦੱਸਿਆ ਕਿ ਵਿਸਵ ਭਰ ਵਿੱਚ, ਸਾਈਕਲ ਮਾਰਕੀਟ ਦੇ ਕੁੱਲ 4 ਲੱਖ ਕਰੋੜ ਰੁਪਏ ਦੇ ਸ਼ੇਅਰ ਹਨ।ਭਾਰਤ ਵਿਚ ਬਣੇ 15 ਮਿਲੀਅਨ ਸਾਈਕਲਾਂ ਵਿਚੋਂ ਪੰਜਾਬ ਵਿਚ 95 ਪ੍ਰਤੀਸਤ ਸਾਈਕਲ ਬਣਾਏ ਗਏ ਜ਼ਿਨਾਂ ਦੀ ਕੀਮਤ 10,000 ਕਰੋੜ ਰੁਪਏ ਬਣਦੀ ਹੈ। ਉਨਾਂ ਕਿਹਾ ਕਿ ਲੰਡਨ ਵਿਚ ਵੀ ਅਸੀਂ ਆਪਣੀ ਇਕਾਈ ਖੋਲ ਦਿੱਤੀ ਹੈ।

ਉੱਘੇ ਉਦਯੋਗਪਤੀ ਰਾਧੇ ਸਾਮ ਆਹੂਜਾ ਨੇ ਯਕਮੁਸ਼ਤ ਨਿਪਟਾਰਾ ਸਕੀਮ ਲਿਆਉਣ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਕੁਲ 40000 ਅਜਿਹੀਆਂ ਇਕਾਈਆਂ ਨੂੰ ਫਾਇਦਾ ਹੋਵੇਗਾ। ਹੋਰ ਪ੍ਰਸਿੱਧ ਉਦਯੋਗਪਤੀ ਨਰਿੰਦਰ ਸਿੰਘ ਸੱਗੂ ਅਤੇ ਦਰਸਨ ਡਾਵਰ ਵੱਲੋਂ ਵੀ ਅਜਿਹੇ ਵਿਚਾਰ ਜ਼ਾਹਰ ਕੀਤੇ ਗਏ।
Published by: Ashish Sharma
First published: January 12, 2021, 9:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading