ਬਲਦੇਵ ਸ਼ਰਮਾ
ਬੁਢਲਾਡਾ (ਮਾਨਸਾ): ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਕਣਕ ਦੀ ਬਿਜਾਈ ਤਾਂ ਹੀ ਹੋਵੇਗੀ ਜੇਕਰ ਡੀ.ਏ.ਪੀ ਖਾਧ ਹੋਵੇਗੀ। ਪੰਜਾਬ ਵਿੱਚ ਡੀਏਪੀ ਦੀ ਘਾਟ ਬਾਰੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਡੀ.ਏ.ਪੀ ਨਾ ਮਿਲਣ ਕਾਰਨ ਪੰਜਾਬ ਭਰ ਵਿੱਚ ਕਣਕ ਦੀ ਬਿਜਾਈ ਪਛੜ ਰਹੀ ਹੈ, ਜਿਸ ਦਾ ਬਿਜਾਈ ਪਛੜਨ ਕਾਰਨ ਕਣਕ ਦੇ ਝਾੜ 'ਤੇ ਸਿੱਧਾ ਮਾੜਾ ਅਸਰ ਪਵੇਗਾ।
ਕਿਸਾਨਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਕਿਸਾਨ ਪਹਿਲਾਂ ਹੀ ਜੀਰੀ ਦੇ ਘੱਟ ਝਾੜ ਕਾਰਨ, ਨਰਮੇ ਨੂੰ ਗੁਲਾਬੀ ਸੁੰਡੀ ਅਤੇ ਬਾਰਸ਼ਾਂ ਤੋਂ ਹੋਏ ਨੁਕਸਾਨ ਕਾਰਨ ਝੰਬੇ ਪਏ ਹਨ। ਹੁਣ ਡੀ.ਏ.ਪੀ ਖਾਦ ਨਾ ਮਿਲਣ ਕਾਰਨ ਕਾਸ਼ਤਕਾਰ ਬਹੁਤ ਪ੍ਰੇਸ਼ਾਨ ਹਨ। ਝੋਨੇ ਦੇ ਅਖੀਰਲੇ ਪਾਣੀ ਦੀ ਗਿੱਲ 'ਚ ਹੀ ਕਣਕ ਦੀ ਬਿਜਾਈ ਲਈ ਜ਼ਮੀਨ ਦੀ ਵਾਹੀ ਕੀਤੀ ਜਾਂਦੀ ਹੈ।
ਕਿਸਾਨਾਂ ਨੇ ਕਿਹਾ ਕਿ ਸੂਬੇ ਵਿੱਚ ਕੁੱਝ ਵਿਕਰੇਤਾ ਡੀਏਪੀ ਖਾਦ ਨੂੰ ਜਮਾਂ ਕਰ ਰਹੇ ਹਨ ਤਾਂ ਜੋ ਜਾਣ-ਬੁੱਝ ਕੇ ਬਾਜ਼ਾਰ ਵਿੱਚ ਕਿੱਲਤ ਪੈਦਾ ਕਰਕੇ ਮਹਿੰਗੇ ਰੇਟ 'ਤੇ ਵੇਚਣ ਤਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਸਹਿਕਾਰੀ ਸੁਸਾਇਟੀ ਦੇ ਚੱਕਰ ਲਗਾ ਰਹੇ ਹਨ ਪਰੰਤੂ ਉਥੇ ਡੀਏਪੀ ਖਾਦ ਨਹੀਂ ਆ ਰਹੀ, ਜਦਕਿ ਕੁਝ ਪ੍ਰਾਈਵੇਟ ਦੁਕਾਨਾਂ 'ਤੇ ਡੀਏਪੀ ਖਾਦ ਬਲੈਕ ਵਿੱਚ ਮਿਲ ਰਹੀ ਹੈ।
ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸਹਿਕਾਰੀ ਸਭਾਵਾਂ ਵਿੱਚ ਡੀਏਪੀ ਖਾਧ ਦਾ ਪ੍ਰਬੰਧ ਕਰੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਤੇ ਜੇਕਰ ਡੀਏਪੀ ਖਾਦ ਦੀ ਕਿਲਤ ਤੁਰੰਤ ਦੂਰ ਨਾ ਕੀਤੀ ਗਈ ਤਾਂ ਉਹ ਪੰਜਾਬ ਸਰਕਾਰ ਖ਼ਿਲਾਫ਼ ਅੰਦੋਲਨ ਖੜ੍ਹਾ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Agriculture department, Charanjit Singh Channi, Paddy, Punjab farmers, Punjab government