ਸਿਧਾਰਥ ਅਰੋੜਾ
ਤਰਨਤਾਰਨ : ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ ਹੀ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਅਲਗ ਅਲਗ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਉਹਨਾਂ ਦੇ ਹੀ ਵਰਕਰਾਂ ਅਤੇ ਸਾਥੀਆਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦਾ ਹੈ, ਜਿੱਥੇ ਕਾਂਗਰਸ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਖਿਲਾਫ ਹਲਕੇ ਦੇ ਕਈ ਸਰਪੰਚ ਸ਼ਹਿਰੀ ਪ੍ਰਧਾਨ ਅਤੇ ਬਲਾਕ ਪ੍ਰਧਾਨ ਮੈਦਾਨ ਵਿਚ ਉਤਰ ਆਏ ਹਨ। ਬਾਬਾ ਬਕਾਲਾ ਹਲਕੇ ਵਿੱਚ ਰੱਖੀ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਏਥੋਂ ਦੇ ਸ਼ਹਿਰੀ ਪ੍ਰਧਾਨ ਅਤੇ ਬਲਾਕ ਪ੍ਰਧਾਨ ਸਮੇਤ ਕਈ ਸਰਪੰਚਾਂ ਨੇ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਨ ਨੇ ਸੰਤੋਖ ਸਿੰਘ ਭਲਾਈਪੁਰ ਨੂੰ ਟਿਕਟ ਦਿੱਤੀ ਤਾਂ ਇਸ ਹਲਕੇ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਕਤ ਨੇਤਾਵਾਂ ਨੇ ਆਰੋਪ ਲਗਾਇਆ ਕਿ ਸੰਤੋਖ ਸਿੰਘ ਭਲਾਈਪੁਰ ਨੇ ਕਈ ਕਾਂਗਰਸੀ ਵਰਕਰਾਂ ਅਤੇ ਮੋਹਤਬਰਾਂ ਨੂੰ ਅਨਦੇਖਾ ਕੀਤਾ ਹੈ ਅਤੇ ਵਿਰੋਧੀ ਧਿਰਾਂ ਨਾਲ ਹੱਥ ਮਲਾਇਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਹਲਕੇ ਦੇ ਰਇਆਂ ਤੋਂ ਸ਼ਹਿਰੀ ਪ੍ਰਧਾਨ ਸੰਜੀਵ ਭੰਡਾਰੀ ਬਲਾਕ ਪ੍ਰਧਾਨ ਮਾਸਟਰ ਸੰਤੋਖ ਸਿੰਘ ਅਤੇ ਵੱਖ ਵੱਖ ਪਿੰਡਾ ਦੇ ਕਈ ਸਰਪੰਚਾਂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਾਂਗਰਸੀ ਵਰਕਰਾਂ ਨੂੰ ਤੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਮੇਂ ਤੋਂ ਅਕਾਲੀ ਦਲ ਜਦੋਂ ਸੱਤਾਧਾਰੀ ਪਾਰਟੀ ਸੀ ਤਾਂ ਉਹ ਵਿਰੋਧੀ ਧਿਰਾਂ ਦੇ ਉਤੇ ਪਰਚਾ ਕਰਵਾਉਣ ਦੇ ਝੂਠੇ ਮਾਮਲੇ ਸਾਹਮਣੇ ਆਉਂਦੇ ਸਨ ਪਰ ਸੰਤੋਖ ਸਿੰਘ ਭਲਾਈਪੁਰ ਨੇ ਕਾਂਗਰਸੀ ਵਰਕਰਾਂ ਦੇ ਉੱਤੇ ਹੀ ਝੂਠੇ ਪਰਚੇ ਕਰਵਾਏ।
ਉਕਤ ਨੇਤਾਵਾਂ ਨੇ ਕਿਹਾ ਕਿ ਮੌਜੂਦਾ ਵਿਧਾਇਕ ਨੇ ਕਾਂਗਰਸੀ ਵਰਕਰਾਂ ਦੀ ਕਦੇ ਵੀ ਸੁਣਵਾਈ ਨਹੀਂ ਕੀਤੀ ਜਦ ਕਿ ਵਿਰੋਧੀ ਧਿਰਾਂ ਦੇ ਵਰਕਰਾਂ ਦੇ ਕੰਮ ਕਰਵਾਉਂਦੇ ਰਹੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨੂੰ ਅਪੀਲ ਕਰਦੇ ਹਨ ਕਿ ਜੇਕਰ ਕਾਂਗਰਸ ਨੂੰ ਇਸ ਹਲਕੇ ਤੋਂ ਜਤਾਉਣਾ ਹੈ ਤਾਂ ਸੰਤੋਖ ਸਿੰਘ ਭਲਾਈਪੁਰ ਦੀ ਜਗ੍ਹਾ ਕਿਸੇ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਕਾਂਗਰਸ ਦੇ ਸਾਰੇ ਅਹੁਦੇਦਾਰ ਉਸ ਦੀ ਮਦਦ ਕਰ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।