ਬਠਿੰਡਾ ਅੱਜ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰਬਰ 4 ਵਿਚ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਇਕ ਕਬਾੜ ਦੀ ਦੁਕਾਨ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ, ਚੰਦ ਮਿੰਟਾਂ ਵਿਚ ਹੀ ਅੱਗ ਦੀਆਂ ਲਪਟਾਂ ਬਾਹਰ ਨਿਕਲ ਗਈਆਂ, ਜਿਸ ਕਰ ਕੇ ਮੁਹੱਲਾ ਨਿਵਾਸੀਆਂ ਵਿਚ ਹਾਹਾਕਾਰ ਮੱਚ ਗਈ ਤੇ ਨਾਲ ਲੱਗਦੇ ਘਰ ਦੀ ਵੀ ਬਿਜਲੀ ਵਾਲੀ ਤਾਰ ਅਤੇ ਵਾਇਰ ਸੜ ਗਈ, ਕਬਾੜ ਦੀ ਦੁਕਾਨ ਵਿਚ ਪਿਆ ਸਾਰਾ ਸਾਮਾਨ ਵੀ ਸੜ ਕੇ ਸਵਾਹ ਹੋ ਗਿਆ , ਪ੍ਰੰਤੂ ਵੱਡੇ ਜਾਨੀ ਨੁਕਸਾਨ ਤੋਂ ਬਚਿਆ ਰਿਹਾ। ਮੁਹੱਲਾ ਨਿਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਫਾਇਰ ਬਿਗ੍ਰੇਡ ਨੂੰ ਦਿੱਤੀ ਅਤੇ ਫਾਇਰ ਅਫ਼ਸਰ ਗੁਰਿੰਦਰ ਸਿੰਘ ਦੀ ਅਗਵਾਈ ਵਿਚ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਬਾ-ਮੁਸ਼ਕਲ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।
ਮੁਹੱਲਾ ਨਿਵਾਸੀ ਗੁਰਤੇਜ ਸਿੰਘ ਨੇ ਕਿਹਾ ਕਿ ਇਹ ਘਟਨਾ ਸਵੇਰੇ ਕਰੀਬ 8 ਵਜੇ ਦੀ ਹੈ, ਅਚਾਨਕ ਲੱਗੀ ਅੱਗ ਤੇਜ਼ ਹੋਣ ਕਰਕੇ ਉਨ੍ਹਾਂ ਨੇ ਘਰੋਂ ਭੱਜ ਕੇ ਜਾਨ ਬਚਾਈ । ਮੁਹੱਲਾ ਨਿਵਾਸੀਆਂ ਨੇ ਮੰਗ ਕੀਤੀ ਕਿ ਰਿਹਾਇਸ਼ੀ ਇਲਾਕੇ ਤੇ ਭੀਡ਼ ਭਾਡ਼ ਵਾਲੀਆਂ ਗਲੀਆਂ ਵਿੱਚ ਕਬਾੜ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ, ਅਚਾਨਕ ਵਾਪਰਦੀ ਘਟਨਾ ਕਰਕੇ ਵੱਡਾ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਬਾੜ ਦੀਆਂ ਦੁਕਾਨਾਂ ਰਿਹਾਇਸ਼ੀ ਇਲਾਕੇ ਤੋਂ ਬਾਹਰ ਕੱਢੀਆਂ ਜਾਣ । ਕਬਾੜ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ ਪ੍ਰੰਤੂ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ,ਜਿਸ ਲਈ ਪੰਜਾਬ ਸਰਕਾਰ ਉਸ ਦੀ ਆਰਥਕ ਮਦਦ ਕਰੇ । ਮੌਕੇ ਤੇ ਪਹੁੰਚੀ ਵਰਧਮਾਨ ਚੌਕੀ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda