ਆਸ਼ੀਸ਼ ਸ਼ਰਮਾ
ਬਰਨਾਲਾ : ਸਰਕਾਰ ਦੀਆਂ ਲੋਕ ਹਿੱਤ ਸਕੀਮਾਂ ਜ਼ਮੀਨੀ ਪੱਧਰ ਉੱਤੇ ਪਹੁੰਚਾਉਣ ਦੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਗਰੀਬ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ ਅਤੇ ਆਪਣਾ ਜੀਵਨ ਸੁਧਾਰ ਸਕਣ। ਇਸ ਗੱਲ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਬੀੇਤੇ ਦਿਨ ਬਰਨਾਲਾ ਵਿਖੇ ਆਪਣੇ ਦੌਰੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨਾਲ ਗੱਲ ਕਰਦੇ ਹੋਏ ਕੀਤਾ। ਉਨ੍ਹਾਂ ਜ਼ਿਲ੍ਹਾ ਬਰਨਾਲਾ ਚ ਚੱਲ ਰਹੇ ਕੰਮਾਂ ਉੱਤੇ ਤਸੱਲੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਰਾਜਪਾਲ ਜੀ ਨੇ ਸਾਰੇ ਅਫ਼ਸਰਾਂ ਨੂੰ ਆਪਣਾ ਕੰਮ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨਾਲ ਸਬੰਧਿਤ ਸਕੀਮਾਂ ਦੀ ਖਾਸ ਮੋਨੀਟਰਿੰਗ ਹੋਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਵਰਗ ਨੂੰ ਉਸ ਦਾ ਬਣਦਾ ਅਧਿਕਾਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਨੂੰ ਬਰਨਾਲਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਨੇ ਜੀ ਆਇਆ ਨੂੰ ਕਹਿੰਦਿਆਂ ਮਾਨਯੋਗ ਰਾਜਪਾਲ ਜੀ ਨੂੰ ਬਰਨਾਲਾ ਦੇ ਇਤਿਹਾਸ, ਜ਼ਿਲ੍ਹੇ ਨਾਲ ਜੁੜੇ ਵਿਸ਼ਵ ਪੱਧਰ ਦੇ ਲੇਖਕਾਂ ਅਤੇ ਜ਼ਿਲ੍ਹਾ ਬਰਨਾਲਾ ਦੇ ਧਾਰਮਿਕ ਪੱਖਾਂ ਬਾਰੇ ਦੱਸਿਆ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਰਨਾਲਾ ਦੀਆਂ ਉਪਲੱਬਦੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਚ ਆਯੂਸ਼ਮਾਨ ਭਾਰਤ ਸਰਬਤ ਸਿਹਤ ਯੋਜਨਾ ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਚ ਜ਼ਿਲ੍ਹਾ ਬਰਨਾਲਾ ਚ ਬਹੁਤ ਚੰਗਾ ਕੰਮ ਹੋ ਰਿਹਾ ਹੈ। ਜਿੱਥੇ ਆਯੂਸ਼ਮਾਨ ਭਾਰਤ ਤਹਿਤ ਬਰਨਾਲਾ ਦੇ ਜ਼ਿਲ੍ਹਾ ਹਸਪਤਾਲ ਨੇ ਸੂਬੇ ਭਰ ਚ ਪਹਿਲਾ ਸਥਾਨ ਹਾਸਲ ਕੀਤਾ ਹੈ ਨਾਲ ਹੀ ਸਬ-ਡਿਵੀਜ਼ਨ ਹਸਪਤਾਲ ਤਪਾ ਨੇ ਸੂਬੇ ਭਰ ਚ ਆਉਣ ਵਾਲੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਚ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਰੇਗਾ ਤਹਿਤ ਪਿੰਡਾਂ ਚ ਖੇਡ ਮੈਦਾਨ ਅਤੇ ਥਾਪਰ ਮਾਡਲ ਉੱਤੇ ਅਧਾਰਿਤ ਛੱਪੜਾਂ ਦੀ ਸਫ਼ਾਈ ਅਤੇ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਵੀ ਜ਼ਿਲ੍ਹੇ ਦੀ ਕਾਨੂੰਨੀ ਵਿਵਸਥਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਾਜਪਾਲ ਦੇ ਏ.ਡੀ.ਸੀ ਸ਼੍ਰੀ ਪੀਬੀਐਸ ਪਰਮਾਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ , ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਵਰਜੀਤ ਵਾਲੀਆ, ਉਪ ਮੰਡਲ ਮੈਜਿਸਟ੍ਰੇਟ ਤਪਾ ਸ਼੍ਰੀਮਤੀ ਸਿਮਰਜੀਤ ਕੌਰ ਅਤੇ ਹੋਰ ਅਫ਼ਸਰ ਮੌਜੂਦ ਸਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Barnala