ਮੋਗਾ: ਵਿਆਹੁਤਾ ਜੀਵਨ ਵਿੱਚ ਆਪਸੀ ਝਗੜੇ ਆਮ ਹਨ। ਪਰ ਜੇਕਰ ਦੋ ਵਿਅਕਤੀਆਂ ਵਿੱਚ ਪਿਆਰ ਅਤੇ ਵਿਸ਼ਵਾਸ ਹੋਵੇ ਤਾਂ ਇਨ੍ਹਾਂ ਸਾਰੀਆਂ ਗੱਲਾਂ ਦਾ ਕੋਈ ਫ਼ਰਕ ਨਹੀਂ ਪੈਂਦਾ। ਪਰ ਇੱਕ ਵਿਅਕਤੀ ਨੂੰ ਆਪਣੀ ਪਤਨੀ ਤੇ ਵਿਸ਼ਵਾਸ ਕਰਨਾ ਮਹਿੰਗਾ ਪੈ ਗਿਆ। ਦਰਅਸਲ, ਪਤਨੀ ਆਪਣੇ ਪਤੀ ਦੇ 33 ਲੱਖ ਰੁਪਏ ਖਰਚ ਕਰਵਾ ਕੇ ਕੈਨੇਡਾ ਨਿਕਲ ਗਈ, ਤੇ ਉਸ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਕੈਨੇਡਾ ਲਿਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਦੱਸ ਦੇਈਏ ਕਿ ਇਹ ਖਬਰ ਮੋਗਾ ਦੇ ਪਿੰਡ ਰੱਤੀਆਂ ਤੋਂ ਸਾਹਮਣੇ ਆ ਰਹੀ ਹੈ।
ਮੋਗਾ ਥਾਣਾ ਸਦਰ ਦੀ ਪੁਲਸ ਨੇ ਪਿੰਡ ਰੱਤੀਆਂ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ 33 ਲੱਖ ਰੁਪਏ ਖਰਚ ਕਰ ਕੇ ਕੈਨੇਡਾ ਨਾ ਲਿਜਾਣ ਦੇ ਦੋਸ਼ 'ਚ ਸ਼ਿਕਾਇਤਕਰਤਾ ਪਤਨੀ ਸਮੇਤ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ 'ਚ ਤਾਇਨਾਤ ਸਹਾਇਕ ਐੱਸਐੱਚਓ ਸੁਖਮੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ 28 ਸਾਲਾ ਸੁਖਵੰਤ ਸਿੰਘ ਪੁੱਤਰ ਜਗਰਾਜ ਸਿੰਘ ਨੇ 27 ਜੁਲਾਈ 2021 ਨੂੰ ਪੁਲਸ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਵਿਆਹ 18 ਨਵੰਬਰ ਸਾਲ 2019 ਨੂੰ ਹੋਇਆ ਸੀ। ਉਸ ਦੀ ਪਤਨੀ ਮਨਮੀਤ ਕੌਰ ਖੁਦ 21 ਦਸੰਬਰ 2019 ਨੂੰ ਕੈਨੇਡਾ ਗਈ ਸੀ, ਜਿਸ ਨੇ ਵਿਦੇਸ਼ ਜਾਣ ਸਮੇਤ ਪੜ੍ਹਾਈ ਦਾ ਸਾਰਾ ਖਰਚ ਚੁੱਕਿਆ ਸੀ। ਸੁਖਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕੁਝ ਦਿਨ ਆਪਣੀ ਭੈਣ ਕੋਲ ਰਹਿਣ ਤੋਂ ਬਾਅਦ ਉਥੋਂ ਗਾਇਬ ਹੋ ਗਈ ਸੀ।
ਇਸ ਦੌਰਾਨ ਪਤਨੀ ਨੇ ਨਾ ਤਾਂ ਉਸ ਨੂੰ ਕੈਨੇਡਾ ਬੁਲਾਇਆ ਅਤੇ ਨਾ ਹੀ ਉਸ ਵੱਲੋਂ ਖਰਚ ਕੀਤੇ 33 ਲੱਖ ਰੁਪਏ ਵਾਪਸ ਕੀਤੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਪੜਤਾਲ ਕਰਨ ਮਗਰੋਂ ਸ਼ਿਕਾਇਤਕਰਤਾ ਦੀ ਪਤਨੀ ਮਨਮੀਤ ਕੌਰ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਖ਼ਿਲਾਫ਼ ਧਾਰਾ 420, 120ਬੀ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।