ਮੋਹਾਲੀ ਦੇ ਬਲੌਂਗੀ ਵਿੱਚ ਇੱਕ 25 ਸਾਲਾ ਦਿਹਾੜੀਦਾਰ ਵਿਅਕਤੀ ਨੇ ਠੇਕੇਦਾਰ ਵੱਲੋਂ ਮਜ਼ਦੂਰੀ ਨਾ ਦੇਣ ਤੋਂ ਤੰਗ ਆ ਕੇ ਨਵੀਂ ਬਣੀ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਆਸਿਫ ਵਾਸੀ ਪਿੰਡ ਚਿਚੋਰਾ ਜ਼ਿਲ੍ਹਾ ਅਮਰੋਹਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਆਸਿਫ਼ ਦੇ ਰਿਸ਼ਤੇਦਾਰ ਨੂਰ ਮੁਹੰਮਦ ਦੇ ਬਿਆਨਾਂ ’ਤੇ ਠੇਕੇਦਾਰ ਸੈਫ਼ ਅਲੀ ਵਾਸੀ ਮਕਾਨ ਨੰਬਰ-1733 ਮੌਲੀ ਜਾਗਰਾ ਚੰਡੀਗੜ੍ਹ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁਲਜ਼ਮ ਠੇਕੇਦਾਰ ਅਜੇ ਫਰਾਰ ਹੈ, ਜਿਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਨੂਰ ਮੁਹੰਮਦ ਨੇ ਦੱਸਿਆ ਕਿ ਉਹ ਉਕਤ ਦੋਸ਼ੀ ਠੇਕੇਦਾਰ ਸੈਫ ਅਲੀ ਕੋਲ ਕਾਰਪੇਂਟਰ ਦਾ ਕੰਮ ਕਰਦਾ ਹੈ। ਟੀਡੀਆਈ ਸੈਕਟਰ-117 ਵਿੱਚ ਵਰੁਣ ਸ਼ਰਮਾ ਦੇ ਮਕਾਨ ਨੰਬਰ 2078 ਵਿੱਚ ਠੇਕੇਦਾਰ ਨੇ ਲੱਕੜ ਦੇ ਕੰਮ ਦਾ ਠੇਕਾ ਲਿਆ ਹੋਇਆ ਹੈ। ਉਸ ਦੇ ਚਾਚੇ ਦਾ ਲੜਕਾ ਸ਼ਾਹਿਦਾਬ ਅਲੀ ਅਤੇ ਸਾਦੂ ਪੁੱਤਰ ਆਸਿਫ਼ ਵੀ ਉਕਤ ਠੇਕੇਦਾਰ ਕੋਲ ਕੰਮ ਕਰਦੇ ਸਨ। ਇਹ ਤਿੰਨੋਂ 23 ਸਤੰਬਰ ਨੂੰ ਉਕਤ ਦੋਸ਼ੀ ਠੇਕੇਦਾਰ ਕੋਲ ਕੰਮ ਕਰਵਾਉਣ ਆਏ ਸਨ। ਤਿੰਨੋਂ ਕੰਮ ਵਾਲੀ ਥਾਂ 'ਤੇ ਹੀ ਰਹਿ ਰਹੇ ਸਨ। ਉਕਤ ਦੋਸ਼ੀ ਉਸ ਨੂੰ 550 ਰੁਪਏ ਪ੍ਰਤੀ ਵਿਅਕਤੀ ਦਿਹਾੜੀ ਦਿੰਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਠੇਕੇਦਾਰ ਸੈਫ ਅਲੀ ਕਾਫੀ ਸਮੇਂ ਤੋਂ ਉਸ ਨੂੰ ਦਿਹਾੜੀ ਨਹੀਂ ਦੇ ਰਿਹਾ ਸੀ। ਜਦੋਂ ਉਸ ਨੇ ਠੇਕੇਦਾਰ ਤੋਂ ਮਜ਼ਦੂਰੀ ਦੀ ਮੰਗ ਕੀਤੀ ਤਾਂ ਠੇਕੇਦਾਰ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਕੰਮ ਛੱਡ ਦਿੱਤਾ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ। ਪਿਛਲੇ 5 ਦਿਨਾਂ ਤੋਂ ਉਸ ਕੋਲ ਰੋਟੀ ਖਾਣ ਲਈ ਵੀ ਪੈਸੇ ਨਹੀਂ ਸਨ।
ਬੀਤੇ ਦਿਨ ਠੇਕੇਦਾਰ ਸੈਫ ਅਲੀ ਆਪਣੇ ਪਿਤਾ ਨਾਲ 11 ਵਜੇ ਕੋਠੀ ’ਤੇ ਆਇਆ। ਜਦੋਂ ਉਸ ਨੇ ਠੇਕੇਦਾਰ ਤੋਂ ਆਪਣੀ ਮਜ਼ਦੂਰੀ ਮੰਗੀ ਤਾਂ ਉਸ ਨੇ ਮਜ਼ਦੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਨਿਰਾਸ਼ ਹੋ ਕੇ ਆਸਿਫ਼ ਛੱਤ 'ਤੇ ਚੜ੍ਹ ਗਿਆ। ਉਹ ਉਸ ਨੂੰ ਬਚਾਉਣ ਲਈ ਉਸ ਦੇ ਪਿੱਛੇ ਭੱਜਿਆ ਪਰ ਆਸਿਫ ਨੇ ਆਪਣੇ ਮੋਬਾਈਲ ਤੋਂ ਠੇਕੇਦਾਰ ਸੈਫ ਅਲੀ ਦੀ ਵੀਡੀਓ ਬਣਾ ਲਈ। ਵੀਡੀਓ ਵਿੱਚ ਠੇਕੇਦਾਰ ਉਸ ਨੂੰ ਧਮਕੀਆਂ ਦਿੰਦਾ ਹੋਇਆ ਅਤੇ ਪੈਸੇ ਦੇਣ ਤੋਂ ਇਨਕਾਰ ਕਰਦਾ ਨਜ਼ਰ ਆ ਰਿਹਾ ਹੈ। ਆਸਿਫ਼ ਨੇ ਵੀਡੀਓ ਵਿੱਚ ਇਹ ਵੀ ਕਿਹਾ ਕਿ ਉਕਤ ਠੇਕੇਦਾਰ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਆਸਿਫ਼ ਨੇ ਛੱਤ ਤੋਂ ਛਾਲ ਮਾਰਨ ਤੋਂ ਪਹਿਲਾਂ ਆਪਣਾ ਮੋਬਾਈਲ ਮੌਂਟੀ 'ਤੇ ਰੱਖਿਆ ਅਤੇ ਉੱਪਰੋਂ ਛਾਲ ਮਾਰ ਦਿੱਤੀ। ਉਸ ਦੇ ਰਿਸ਼ਤੇਦਾਰਾਂ ਨੇ 108 ਨੰਬਰ ’ਤੇ ਫੋਨ ਕਰਕੇ ਐਂਬੂਲੈਂਸ ਬੁਲਾ ਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਆਸਿਫ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ 'ਚ ਪੁਲਿਸ ਨੇ ਸਬੂਤ ਵਜੋਂ ਸਾਹਮਣੇ ਆਈ ਵੀਡੀਓ ਨੂੰ ਦੇਖ ਕੇ ਉਕਤ ਠੇਕੇਦਾਰ ਖਿਲਾਫ ਮਰਨ ਲਈ ਮਜਬੂਰ ਕਰਨ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।