ਕਰਨ ਵਰਮਾ,
ਮੋਹਾਲੀ: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅਮਨਿੰਦਰ ਕੌਰ ਬਰਾੜ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਕਾਨੂੰਨ ਦੀ ਉਲੰਘਣਾ ਕਰਨ ਤੇ ਮੈਸਰਜ਼ ਰੁਦਰਾਕਸ਼, ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ ਅਤੇ ਸਟੈੱਪ ਅੱਪ ਐਜੂਕੇਸ਼ਨ ਕੰਸਲਟੈਂਸੀ ਫਰਮਾਂ ਦੇ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰਮ ਰੁਦਰਾਕਸ਼,ਐਸ.ਸੀ.ਓ 16, ਟੋਪ ਮੰਜ਼ਿਲ, ਫ਼ੇਜ਼-1, ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ,ਐਸ.ਸੀ.ਐਫ ਨੰ. 35-36, ਦੂਜੀ ਅਤੇ ਤੀਜੀ ਮੰਜ਼ਿਲ, ਫ਼ੇਜ਼ 3ਬੀ2 ਅਤੇ ਸਟੈੱਪ ਅੱਪ ਐਜੂਕੇਸ਼ਨ,ਐਸ.ਸੀ.ਓ ਨੰ.13, ਦੂਜੀ ਮੰਜ਼ਿਲ, ਫ਼ੇਜ਼-05, ਮੋਹਾਲੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਫ਼ਰਮ ਰੁਦਰਾਕਸ਼ ਦੇ ਲਾਇਸੰਸ ਦੀ ਮਿਆਦ 24 ਮਾਰਚ,2025 ਤੱਕ ਹੈ ਇਸੇ ਤਰਾਂ ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ ਦੀ ਮਿਆਦ 4 ਜੁਲਾਈ 2023 ਤੱਕ ਹੈ ਅਤੇ ਸਟੈੱਪ ਅੱਪ ਐਜੂਕੇਸ਼ਨ ਦੇ ਲਾਇਸੰਸ ਦੀ ਮਿਆਦ 19 ਮਾਰਚ 2023 ਤੱਕ ਹੈ ।
ਉਨ੍ਹਾਂ ਦੱਸਿਆ ਕਿ ਤਿੰਨੋ ਫ਼ਰਮਾਂ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ ਦਫ਼ਤਰ ਵੱਲੋਂ ਲਾਇਸੰਸੀ ਦੇ ਦਫ਼ਤਰੀ ਪਤੇ ਤੇ ਪੱਤਰ ਭੇਜਦੇ ਹੋਏ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫ਼ੀਸ ਅਤੇ ਫ਼ਰਮਾਂ ਵੱਲੋਂ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ ਪ੍ਰੰਤੂ ਫ਼ਰਮਾਂ ਵੱਲੋਂ ਰਿਪੋਰਟ ਨਾ ਦੇਣ 'ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਹ ਦਫ਼ਤਰ ਵਿੱਚ ਹਾਜ਼ਰ ਹੋਣ । ਉਨ੍ਹਾਂ ਦੱਸਿਆ ਕਿ ਆਪਣੀ ਸਥਿਤੀ ਸਪਸ਼ਟ ਕਰਨ ਲਈ ਫ਼ਰਮਾਂ ਦੇ ਨੁਮਾਇੰਦੇ ਇਸ ਦਫ਼ਤਰ ਵਿਖੇ ਹਾਜ਼ਰ ਨਹੀਂ ਹੋਏ ।
ਇਸ ਲਈ ਉਕਤ ਤੱਥਾਂ ਦੇ ਸਨਮੁੱਖ ਲਾਇਸੰਸੀਆਂ ਵੱਲੋਂ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਵਿੱਚ ਦਰਸਾਏ ਅਨੁਸਾਰ ਤਿੰਨਾਂ ਫ਼ਰਮਾਂ ਦੇ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤੇ ਹਨ । ਉਨ੍ਹਾਂ ਦੱਸਿਆ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤੇ ਜਾਣ ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Education, Mohali, Punjab