ਕਰਨ ਵਰਮਾ,
ਮੋਹਾਲੀ: ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ 2020 ਵਿੱਚ ‘ਅੰਮ੍ਰਿਤ’ ਸਕੀਮ ਅਧੀਨ ਮੋਹਾਲੀ ਦੀ ਸੀਵਰੇਜ ਲਾਈਨ ਨੂੰ ਨਵਿਆਉਣ ਅਤੇ ਪੁਨਰ ਗਠਿਤ ਕਰਨ ਦੇ ਪ੍ਰੋਜੈਕਟ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਲੱਖਾਂ ਰੁਪਏ ਦੇ ਕੀਤੇ ਘਪਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ।
ਪਿਛਲੀ 17 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿੱਚ ਕੁਲਵੰਤ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੇ ਬਿਨਾਂ ਕਿਸੇ ਕਾਰਨ ਦੇ 975.42 ਲੱਖ ਰੁਪਏ ’ਚ ਪਾਸ ਹੋਏ ਪ੍ਰੋਜੈਕਟ ਵਿੱਚ ਲਗਭਗ ਡੇਢ ਕਰੋੜ ਦਾ ਵਾਧਾ ਕਰ ਕੇ ਸਰਕਾਰ ਖ਼ਜ਼ਾਨੇ ਉੱਤੇ ਵਾਧੂ ਬੋਝ ਪਾਇਆ ਹੈ, ਜਦੋਂ ਕਿ ਪਹਿਲਾਂ ਹੀ ਅਲਾਟ ਹੋ ਚੁੱਕੇ ਇਸ ਪ੍ਰੋਜੈਕਟ ਦੇ ਟੈਂਡਰਾਂ ’ਚ ਵਾਧਾ ਕਰਨ ਦਾ ਕੋਈ ਕਾਰਨ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਡੀ ਪੀ ਆਰ (Detailed project report) ਵਿੱਚ ਹਰ ਉਹ ਕੰਮ ਸ਼ਾਮਲ ਸੀ ਜਿਸ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੇ ਮਨਘੜਤ ਤੇ ਬੇਲੋੜੇ ਬਹਾਨਿਆਂ ਨਾਲ 1.5 ਕਰੋੜ ਤੱਕ ਵਧਾ ਲਿਆ। ਉਨ੍ਹਾਂ ਕਿਹਾ ਕਿ ਜਦੋਂ ਕੰਮ ਦਾ ਖੇਤਰ ਓਨਾ ਹੀ ਹੈ, ਤਾਂ ਬਜਟ ’ਚ ਵਾਧਾ ਕਿਉਂ ਕੀਤਾ ਗਿਆ ?
ਉਨ੍ਹਾਂ ਕਿਹਾ ਕਿ ਇਸ ਵਿੱਚ ਅਧਿਕਾਰੀਆਂ ਦੀ ਬਦਨੀਤ ਹੀ ਕੰਮ ਕਰਦੀ ਸੀ। ਉਨ੍ਹਾਂ ਦੱਸਿਆ ਕਿ 48 ਇੰਚ ਦੇ ਮੂੰਹ ਵਾਲੀ ਇਹ ਸੀਵਰਲਾਈਨ ਮੁੱਢਲੇ ਰੂਪ ’ਚ ਇਸ ਦਾ ਪ੍ਰੋਜੈਕਟ 975.42 ਲੱਖ ਦਾ ਪਾਸ ਕੀਤਾ ਗਿਆ ਸੀ, ਪਰ ਬਾਅਦ ਵਿੱਚ ਮੇਅਰ ਜੀਤੀ ਸਿੱਧੂ ਦੇ ਕਾਰਜਕਾਲ ਵਿੱਚ ਇਸ ਪ੍ਰੋਜੈਕਟ ਦਾ ਪੈਸਾ ਵਧਾਉਣ ਲਈ ਫ਼ੇਜ਼ 3ਬੀ2 ਤੇ ਫ਼ੇਜ਼ 5 ਦੀ ਮਿੱਟੀ ਦੀ ਕਿਸਮ,ਇਸ ਦੇ ਰਾਹ ’ਚ ਪੈਂਦੇ ਬਹੁਤ ਸਾਰੇ ਚੌਰਾਹੇ ਤੇ ਇੰਟਰ ਸੈਕਸ਼ਨਾਂ ਕਾਰਨ ਪਹਿਲਾਂ ਇਸ ਬਜਟ ਨੂੰ 945.42 ਲੱਖ ਤੋਂ 1110.48 ਲੱਖ ਕੀਤਾ ਗਿਆ ਅਤੇ ਫਿਰ ਸੀਵਰਲਾਈਨ ਦੀ ਖ਼ੁਦਾਈ ਦੇ ਖੇਤਰ ’ਚ ਵਾਧਾ ਕਰਨ ਦੇ ਨਾਂ ’ਤੇ 19 ਲੱਖ ਰੁਪਿਆ ਹੋਰ ਇਸ ਮਿੱਟੀ ਨੂੰ ਚੁੱਕਣ ਦਾ ਵੀ ਪਾਇਆ ਗਿਆ ਜੋ ਕੁਲ 1.5 ਕਰੋੜ ਦੇ ਕਰੀਬ ਬਣ ਗਿਆ ।ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਕਿਹਾ ਕਿ ਜਿਸ ਕੰਮ ਦਾ ਖੇਤਰ ਉਹੀ ਹੈ ਤਾਂ ਉਸ ਦੇ ਬਜਟ ’ਚ ਮੁੜ ਵਾਧਾ ਕਰਨ ਦਾ ਕੋਈ ਕਾਰਨ ਨਹੀਂ ਹੈ, ਬਲਕਿ ਇਹ ਵਾਧਾ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਲਈ ਹੀ ਕੀਤਾ ਗਿਆ।
ਵਿਧਾਇਕ ਨੇ ਅੱਗੇ ਲਿਖਿਆ ਹੈ ਕਿ ਇਸ ਨਵੀਂ ਸੀਵਰ ਲਾਈਨ ਪਾਉਣ ਦਾ ਉਦੇਸ਼ 3ਬੀ2, 5 ਤੇ 7 ਫ਼ੇਜ਼ ਦੇ ਗੰਦੇ ਪਾਣੀ ਨੂੰ ਇਸ ਲਾਈਨ ਵਿੱਚ ਪਾਉਣਾ ਸੀ ਜੋ ਅੱਜ ਤੱਕ ਵੀ ਲਖਨੌਰ ਚੋਅ ਵਿਚ ਪੈ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਉੱਪਰਲੇ ਸਾਰੇ ਤੱਥ ਇਹ ਦਿਖਾ ਰਹੇ ਹਨ ਕਿ ਇਸ ਪ੍ਰੋਜੈਕਟ ਨਾਲ ਜੁੜੇ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੀ ਸਰਕਾਰੀ ਖ਼ਜ਼ਾਨੇ ’ਚੋਂ ਵਾਧੂ ਫ਼ੰਡਾਂ ਦਾ ਨੁਕਸਾਨ ਝੱਲਣਾ ਪਿਆ ਹੈ ਜਿਸ ਦੀ ਵਿਜੀਲੈਂਸ ਜਾਂਚ ਕੀਤੀ ਜਾਣੀ ਜ਼ਰੂਰੀ ਹੈ, ਤਾਂ ਕਿ ਪ੍ਰੋਜੈਕਟ ਵਿਚ ਬੇਲੋੜਾ ਵਾਧਾ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤਹਿ ਕੀਤੀ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਜਲਦੀ ਤੋਂ ਜਲਦੀ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
ਵਰਨਣਯੋਗ ਹੈ ਕਿ ਇਹ ਪ੍ਰੋਜੈਕਟ ਇਸ ਵਾਧੇ ਕਾਰਨ ਹੀ ਬੇਲੋੜਾ ਲਮਕਦਾ ਆ ਰਿਹਾ ਹੈ ਤੇ ਇਸ ਦੇ ਲਮਕਣ ਕਾਰਨ ਮੋਹਾਲੀ ਦੇ ਲੋਕ ਆਵਾਜਾਈ ,ਧੂੜ ਤੇ ਬਰਸਾਤਾਂ ’ਚ ਡੇਂਗੂ ਦੇ ਪ੍ਰਕੋਪ ਦਾ ਵੀ ਸ਼ਿਕਾਰ ਹੁੰਦੇ ਰਹੇ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Mohali, Punjab