Home /punjab /

ਡੇਂਗੂ ਤੋਂ ਬਚਾਅ ਲਈ 1,36,665 ਘਰਾਂ ਦਾ ਸਰਵੇ, 4957 ਘਰਾਂ ਵਿਚੋਂ ਮਿਲਿਆ ਲਾਰਵਾ       

ਡੇਂਗੂ ਤੋਂ ਬਚਾਅ ਲਈ 1,36,665 ਘਰਾਂ ਦਾ ਸਰਵੇ, 4957 ਘਰਾਂ ਵਿਚੋਂ ਮਿਲਿਆ ਲਾਰਵਾ       

ਘਰਾਂ ਵਿਚ ਸਰਵੇ ਅਤੇ ਸਪਰੇਅ ਕਰਦੀਆਂ ਹੋਈਆਂ ਸਿਹਤ ਵਿਭਾਗ ਦੀਆਂ ਟੀਮਾਂ।

ਘਰਾਂ ਵਿਚ ਸਰਵੇ ਅਤੇ ਸਪਰੇਅ ਕਰਦੀਆਂ ਹੋਈਆਂ ਸਿਹਤ ਵਿਭਾਗ ਦੀਆਂ ਟੀਮਾਂ।

13 ਟੀਮਾਂ ਨੇ ਇਸੇ ਸਾਲ ਮਾਰਚ ਮਹੀਨੇ ਤੋਂ ਹੁਣ ਤਕ ਜਿਲ੍ਹੇ ਦੇ 1,36,665

  • Share this:

ਕਰਨ ਵਰਮਾ, ਮੋਹਾਲੀ

ਐਸ.ਏ.ਐਸ. ਨਗਰ ਵਿਚ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਦੀ ਜਾਂਚ, ਸਪਰੇਅ ਅਤੇ ਜਾਗਰੂਕਤਾ ਮੁਹਿੰਮ ਮਾਰਚ ਮਹੀਨੇ ਤੋਂ ਲਗਾਤਾਰ ਜਾਰੀ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਕੁਲ 13 ਟੀਮਾਂ ਨੇ ਇਸੇ ਸਾਲ ਮਾਰਚ ਮਹੀਨੇ ਤੋਂ ਹੁਣ ਤਕ ਜਿਲ੍ਹੇ ਦੇ 1,36,665 ਘਰਾਂ ਦਾ ਸਰਵੇ ਕੀਤਾ ਹੈ। 4957 ਘਰਾਂ ਵਿਚ ਵੱਖ-ਵੱਖ ਕੰਟੇਨਰਾਂ ਵਿਚ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ ਹੈ। ਚਲਾਨ ਕੱਟਣ ਦੇ ਨਾਲ- ਨਾਲ ਪਹਿਲੀ ਵਾਰ ਉਲੰਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਦਿਤੀ ਜਾ ਰਹੀ ਹੈ।

ਉਨ੍ਹਾਂ ਦਸਿਆ ਕਿ ਉਚ ਜੋਖਮ ਵਾਲੇ ਖੇਤਰਾਂ-ਮੋਹਾਲੀ ਸ਼ਹਿਰ ਦੇ ਫ਼ੇਜ਼ 7, ਬਲੌਂਗੀ ਅਤੇ ਡੇਰਾਬੱਸੀ ਵਿਚ ਸਰਵੇ, ਫ਼ੌਗਿੰਗ ਤੇ ਜਾਗਰੂਕਤਾ ਮੁਹਿੰਮ ’ਤੇ ਵਿਸ਼ੇਸ਼ ਜ਼ੋਰ ਦਿਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੌਰਾਨ ਇਥੇ ਡੇਂਗੂ ਬੁਖ਼ਾਰ ਦੇ ਕਾਫ਼ੀ ਕੇਸ ਸਾਹਮਣੇ ਆਏ ਹਨ। ਬਲੌਂਗੀ ਵਿਚ ਇਨ੍ਹੀਂ ਦਿਨੀਂ ਕੁਲ ਪੰਜ ਟੀਮਾਂ ਸਰਵੇ ਕਰ ਰਹੀਆਂ ਹਨ। ਸਿਹਤ ਵਰਕਰਾਂ ਦੀਆਂ ਟੀਮਾਂ ਘਰਾਂ ਵਿਚ ਜਾ ਕੇ ਕੂਲਰਾਂ, ਫ਼ਰਿੱਜਾਂ ਦੀਆਂ ਟਰੇਆਂ, ਗਮਲਿਆਂ, ਖ਼ਾਲੀ ਪਏ ਟਾਇਰਾਂ, ਬਕਸਿਆਂ ਤੇ ਹੋਰ ਸਮਾਨ ਦੀ ਜਾਂਚ ਕਰ ਰਹੀਆਂ ਹਨ।

ਸਿਵਲ ਸਰਜਨ ਨੇ ਕਿਹਾ ਕਿ ਇਸ ਬੀਮਾਰੀ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਜਾਗਰੂਕਤਾ ਹੈ। ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਪਣੇ ਘਰ ਅਤੇ ਆਲਾ-ਦੁਆਲਾ ਸਾਫ਼ ਰੱਖਣ ਅਤੇ ਕਿਸੇ ਵੀ ਥਾਂ ਪਾਣੀ ਇਕੱਠਾ ਨਾ ਹੋਣ ਦੇਣ। ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁੱਝ ਦਿਨਾਂ ਵਿਚ ਖ਼ਤਰਨਾਕ ਮੱਛਰ ਦਾ ਰੂਪ ਲੈ ਲੈਂਦਾ ਹੈ ਜਿਹੜਾ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਉਨ੍ਹ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕ ਸਮਝਦੇ ਹਨ ਕਿ ਇਨ੍ਹ੍ਹੀਂ ਦਿਨੀਂ ਮੌਸਮ ਥੋੜਾ ਠੰਢਾ ਹੋ ਜਾਣ ਕਾਰਨ ਡੇਂਗੂ ਵਾਲਾ ਮੱਛਰ ਨਹੀਂ ਫੈਲਦਾ ਜਦਕਿ ਇਨ੍ਹ੍ਹੀਂ ਦਿਨੀਂ ਵੀ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦ ਨਗਰ ਕੌਂਸਲ ਦੀ ਟੀਮ ਗਲੀ-ਮੁਹੱਲੇ ਵਿਚ ਫ਼ੌਗਿੰਗ ਕਰਨ ਲਈ ਆਉਂਦੀ ਹੈ ਤਾਂ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਖੁਲ੍ਹੇ ਰੱਖੇ ਜਾਣ ਤਾਕਿ ਮੱਛਰ ਦਾ ਖ਼ਾਤਮਾ ਹੋ ਸਕੇ। ਜਾਂਚ ਟੀਮ ਵਿਚ ਹੈਲਥ ਸੁਪਰਵਾਇਜ਼ਰ, ਹੈਲਥ ਵਰਕਰ ਅਤੇ ਬਰੀਡਿੰਗ ਚੈੱਕਰ ਸ਼ਾਮਲ ਹੁੰਦੇ ਹਨ।

ਡਾ. ਆਦਰਸ਼ਪਾਲ ਕੌਰ ਨੇ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹ੍ਹਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਪਣੇ ਤੌਰ ’ਤੇ ਇਸ ਦਿਸ਼ਾ ਵਿਚ ਲਗਾਤਾਰ ਯਤਨ ਕਰ ਰਿਹਾ ਹੈ ਪਰ ਲੋਕਾਂ ਦੀ ਮਦਦ ਨਾਲ ਹੀ ਜ਼ਿਲ੍ਹਾ ਨੂੰ ਡੇਂਗੂ-ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ’ਤੇ ਇਹ ਬੁਖ਼ਾਰ ਜੁਲਾਈ ਤੋਂ ਲੈ ਕੇ ਨਵੰਬਰ ਤਕ ਜ਼ਿਆਦਾ ਹੁੰਦਾ ਹੈ, ਇਸ ਲਈ ਅਕਤੂਬਰ ਤੇ ਨਵੰਬਰ ਮਹੀਨਿਆਂ ਦੌਰਾਨ ਵੀ ਅਵੇਸਲੇ ਨਾ ਰਿਹਾ ਜਾਵੇ। ਅਜਿਹੇ ਕਪੜੇ ਪਾਏ ਜਾਣ ਜਿਨ੍ਹ੍ਹਾਂ ਨਾਲ ਪੂਰਾ ਸਰੀਰ ਢਕਿਆ ਰਹੇ। ਜੇ ਕੋਈ ਸ਼ੱਕੀ ਡੇਂਗੂ ਪੀੜਤ ਹੈ ਤਾਂ ਤੁਰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਹੁੰਦਾ ਹੈ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ।

ਡੇਂਗੂ ਬੁਖ਼ਾਰ ਦੇ ਲੱਛਣ

ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਫੁੱਲਾਂ ਦੇ ਗਮਲਿਆਂ ਵਿਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿਚ, ਟੁੱਟੇ-ਭੱਜੇ ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ।

Published by:Amelia Punjabi
First published:

Tags: Dengue, Health, Health news, Mohali, Mosquitoe, Punjab, Survey