• Home
 • »
 • News
 • »
 • punjab
 • »
 • MORE THAN 93 PER WHEAT PROCUREMENT IN THE STATE DIRECT PAYMENT OF RS 7594 CRORE IN FARMERS ACCOUNTS CHIEF SECRETARY

ਸੂਬੇ ਵਿਚ 93 ਫੀਸਦੀ ਤੋਂ ਵੱਧ ਕਣਕ ਦੀ ਖਰੀਦ, ਕਿਸਾਨਾਂ ਦੇ ਖਾਤਿਆਂ 'ਚ 7594 ਕਰੋੜ ਦੀ ਸਿੱਧੀ ਅਦਾਇਗੀ: ਮੁੱਖ ਸਕੱਤਰ

ਡਿਜੀਟਲੀ ਤੌਰ ’ਤੇ ਸਮਰੱਥ ਬਣੇ ਪੰਜਾਬ ਦੇ ਕਿਸਾਨ: ਡਿਜੀਲਾਕਰ `ਤੇ ਉਪਲਬਧ ਜੇ-ਫਾਰਮ ਨੂੰ ਯੋਗ ਦਸਤਾਵੇਜ਼ ਮੰਨਿਆ ਜਾਵੇਗਾ

 • Share this:
  ਪੰਜਾਬ ਵਿਚ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿਚ ਹੁਣ ਤੱਕ ਕਣਕ ਦੀ ਕੁੱਲ ਆਮਦ ਵਿੱਚੋਂ 93 ਫੀਸਦੀ ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਸਿੱਧੀ ਅਦਾਇਗੀ ਦੀ ਨਵੀਂ ਪ੍ਰਣਾਲੀ ਰਾਹੀਂ 2.26 ਲੱਖ ਕਿਸਾਨਾਂ ਦੇ ਖਾਤਿਆਂ ਵਿਚ 7594 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

  ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਖੁਲਾਸਾ ਸ਼ਨੀਵਾਰ ਨੂੰ ਖੇਤੀਬਾੜੀ ਅਧਾਰਿਤ ਸੂਬੇ ਵਿਚ ਕੋਵਿਡ ਦੇ ਵਧ ਰਹੇ ਕੇਸਾਂ ਦੇ ਦਰਮਿਆਨ ਕਣਕ ਦੀ ਖਰੀਦ ਦੇ ਚੱਲ ਰਹੇ ਕਾਰਜਾਂ ਦਾ ਜਾਇਜਾ ਲੈਣ ਲਈ ਸੱਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ।

  ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ 76.32 ਲੱਖ ਮੀਟਰਕ ਟਨ ਵਿੱਚੋਂ 71.48 ਲੱਖ ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ ਜੋ ਕੁਲ਼ ਆਮਦ ਦਾ 93 ਫੀਸਦੀ ਤੋਂ ਵੱਧ ਬਣਦਾ ਹੈ, ਬਾਵਜੂਦ ਇਸ ਦੇ ਕਿ ਪਿਛਲੇ ਸਾਲ ਦੇ ਅੱਜ ਤੱਕ ਦੇ ਮੁਕਾਬਲੇ 300 ਫੀਸਦੀ ਵੱਧ ਕਣਕ ਮੰਡੀਆਂ ਵਿਚ ਪਹੁੰਚੀ ਹੈ। ਪਿਛਲੇ ਹਾੜ੍ਹੀ ਮੰਡੀਕਰਨ ਸੀਜ਼ਨ ਦੇ ਇਸ ਸਮੇਂ ਦੌਰਾਨ 29.32 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਸੀ ਜਿਸ ਵਿੱਚੋਂ 27.32 ਲੱਖ ਮੀਟਰਕ ਟਨ ਦੀ ਖਰੀਦੀ ਕੀਤੀ ਗਈ ਸੀ।

  ਮੰਡੀਆਂ ਵਿਚ ਕਣਕ ਦੇ ਇਕ-ਇਕ ਦਾਣੇ ਨੂੰ ਖਰੀਦਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਕਲਪ ਨੂੰ ਦੁਹਰਾਉਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੰਡੀਆਂ ਵਿਚ ‘ਕਿਸਾਨ ਸਹਾਇਤਾ ਡੈਸਕ’ ਪਹਿਲਾਂ ਹੀ ਸਥਾਪਤ ਕਰ ਦਿੱਤੇ ਹਨ ਜਿੱਥੇ ਮੰਡੀ ਬੋਰਡ ਦੇ ਮੁਲਾਜ਼ਮ ਅਤੇ ਆਈ.ਟੀ. ਪੇਸ਼ੇਵਾਰ ਕੇਂਦਰ ਸਰਕਾਰ ਦੇ ‘ਅਨਾਜ ਖਰੀਦ’ ਪੋਰਟਲ ਉਤੇ ਰਜਿਸਟਰ ਹੋਣ ਵਿਚ ਕਿਸਾਨਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਸਿੱਧੀ ਅਦਾਇਗੀ ਦੀ ਸਕੀਮ ਰਾਹੀਂ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਦਾ ਭੁਗਤਾਨ ਕੀਤਾ ਜਾ ਸਕੇ। ਇਸ ਨਾਲ ਹੁਣ ਤੱਕ ਸੂਬੇ ਵਿਚ 10 ਲੱਖ ਕਿਸਾਨਾਂ ਵਿੱਚੋਂ ਲਗਪਗ 7 ਲੱਖ ਕਿਸਾਨ ਆਪਣੇ ਦਸਤਾਵੇਜ਼ ਇਸ ਪੋਰਟਲ ਉਤੇ ਅਪਲੋਡ ਕਰ ਚੁੱਕੇ ਹਨ।

  ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚੋਂ ਕਣਕ ਦੇ ਖਰੀਦੇ ਜਾ ਚੁੱਕੇ ਸਟਾਕ ਦੀ ਨਿਰਵਿਘਨ ਲਿਫਟਿੰਗ ਅਤੇ ਕਿਸਾਨਾਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਦੀ ਹਦਾਇਤ ਦਿੰਦੇ ਹੋਏ ਮੁੱਖ ਸਕੱਤਰ ਨੇ ਮੰਡੀਆਂ ਤੋਂ ਖਰੀਦ ਗਏ ਅਨਾਜ ਦੀ ਲਿਫਟਿੰਗ ਦੀ ਗਤੀ ਹੋਰ ਤੇਜ਼ ਕਰਨ ਲਈ ਆਖਿਆ ਤਾਂ ਕਿ ਮੰਡੀਆਂ ਵਿਚ ਭੀੜ-ਭੜੱਕਾ ਘਟਾਉਣ ਦੇ ਨਾਲ-ਨਾਲ ਖਰਾਬ ਮੌਸਮ ਨਾਲ ਖਰੀਦੇ ਸਟਾਕ ਨੂੰ ਨੁਕਸਾਨ ਤੋਂ ਬਚਿਆ ਜਾ ਸਕੇ।

  ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਲਗਪਗ 22000 ਆੜ੍ਹਤੀਏ (ਕਮਿਸ਼ਨ ਏਜੰਟ) ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨਾਲ ਰਜਿਸਟਰਡ ਸਨ ਅਤੇ ਫਸਲ ਦੀ ਅਦਾਇਗੀ ਇਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਂਦੀ ਸੀ ਜੋ ਅੱਗੇ ਕਿਸਾਨਾਂ ਨੂੰ ਅਦਾ ਕਰਦੇ ਸਨ। ਹਾਲਾਂਕਿ, ਮੌਜੂਦਾ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਸਿੱਧੀ ਅਦਾਇਗੀ ਦੀ ਸਕੀਮ ਸ਼ੁਰੂ ਹੋਣ ਨਾਲ ਹੁਣ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਉਪਜ ਵੇਚਣ ਦੇ ਬਦਲੇ ਸਿੱਧਾ ਉਨ੍ਹਾਂ ਦੇ ਖਾਤਿਆਂ ਵਿਚ ਅਦਾ ਕੀਤਾ ਜਾ ਰਿਹਾ ਹੈ।

  ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਅਤੇ ਹੋਰ ਧਿਰਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਹਨ ਤਾਂ ਕਿ ਮੰਡੀਆਂ ਵਿਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕ ਕੋਵਿਡ ਤੋਂ ਬਚਾਅ ਦਾ ਟੀਕਾ ਲਵਾ ਸਕਣ। ਇਨ੍ਹਾਂ ਕੈਂਪਾਂ ਵਿਚ ਹੁਣ ਤੱਕ ਤਕਰੀਬਨ 6142 ਯੋਗ ਵਿਅਕਤੀਆਂ ਨੂੰ ਖੁਰਾਕ ਦਿੱਤੀ ਜਾ ਚੁੱਕੀ ਹੈ।

  ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ ਨੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਸਥਾਪਤ ਕੀਤੇ ਕੰਟਰੋਲ ਰੂਮ ਵਿਚ ਕਣਕ ਦੀ ਖਰੀਦ ਨਾਲ ਸਬੰਧਤ ਟੈਲੀਫੋਨ ਉਤੇ ਪ੍ਰਾਪਤ ਹੋਈਆਂ ਸਾਰੀਆਂ 650 ਸ਼ਿਕਾਇਤਾਂ ਨੂੰ ਕਿਸਾਨਾਂ ਦੀ ਸੰਤੁਸ਼ਟੀ ਮੁਤਾਬਕ ਹੱਲ ਕਰ ਦਿੱਤਾ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਆਂ ਵਿਚ ਭੀੜ-ਭੜੱਕੇ ਤੋਂ ਬਚਣ ਲਈ ਕੋਵਿਡ ਸੰਕਟ ਦੇ ਮੱਦੇਨਜ਼ਰ ਕਣਕ ਦੀ ਪੜਾਅਵਾਰ ਖਰੀਦ ਲਈ ਕਿਸਾਨਾਂ ਨੂੰ ਹੁਣ ਤੱਕ 12.44 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।

  ਲਿਫਟਿੰਗ ਦੇ ਮੁੱਦੇ ਉਤੇ ਖੁਰਾਕ ਤੇ ਸਿਵਲ ਸਪਲਾਈਜ਼ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਇਸ ਵੇਲੇ ਮੰਡੀਆਂ ਵਿਚ ਬਾਰਦਾਨੇ ਵਿਚ ਕੋਈ ਘਾਟ ਨਹੀਂ ਹੈ। ਹਾਲਾਂਕਿ, ਪੱਛਮੀ ਬੰਗਾਲ ਵਿਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਕੋਲਕਾਤਾ ਵਿਚ ਜੂਟ ਮਿੱਲਾਂ ਦੇ ਪੂਰੀ ਸਮਰੱਥਾ ਨਾਲ ਕੰਮ ਨਾ ਕਰਨ ਕਰਕੇ ਸ਼ੁਰੂਆਤ ਵਿਚ ਕੁਝ ਸਮੱਸਿਆਵਾਂ ਆਈਆਂ ਸਨ ਜਿਸ ਦਾ ਪੰਜਾਬ ਵਿਚ ਬਾਰਦਾਨੇ ਦੀ ਸਪਲਾਈ ਉਤੇ ਬਹੁਤ ਬੁਰਾ ਪ੍ਰਭਾਵ ਪਿਆ।

  ਉਨ੍ਹਾਂ ਦੱਸਿਆ ਕਿ ਕਣਕ ਦੀ ਭਰਾਈ ਲਈ 14.2 ਕਰੋੜ ਥੈਲੇ ਪਹਿਲਾਂ ਹੀ ਵਰਤੇ ਜਾ ਚੁੱਕੇ ਹਨ ਅਤੇ ਸੂਬੇ ਦੀਆਂ ਮੰਡੀਆਂ ਵਿਚ ਰੋਜਾਨਾ ਇਕ ਕਰੋੜ ਥੈਲ਼ੇ ਸਪਲਾਈ ਕੀਤੇ ਜਾ ਰਹੇ ਹਨ।
  Published by:Gurwinder Singh
  First published:
  Advertisement
  Advertisement