ਵਿਨੇ ਹਾਂਡਾ
ਫ਼ਿਰੋਜ਼ਪੁਰ: ਖੇਤੀਬਾੜੀ ਵਿਭਾਗ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀ ਮੁਕਤਸਰ ਸਾਹਿਬ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਅਗੇਤੇ ਨਰਮੇਂ ਦੀ ਫ਼ਸਲ ਤਕਰੀਬਨ 45 ਦਿਨਾਂ ਦੀ ਹੋ ਗਈ ਹੈ ਅਤੇ ਇਸ ਫ਼ਸਲ ਉਪਰ ਕੀੜੇ ਮਕੌੜਿਆਂ ਦੇ ਸਰਵੇਖਣ ਦੀ ਜ਼ਰੂਰਤ ਹੈ।
ਉਹਨਾ ਦੱਸਿਆ ਕਿ ਜਿਲ੍ਹੇ ਅੰਦਰ ਨਰਮੇਂ ਦੀ ਫ਼ਸਲ ਉਪਰ ਕੀੜੇ ਮਕੌੜਿਆਂ ਦਾ ਸਰਵੇਖਣ ਕਰਨ ਲਈ ਜਿ਼ਲ੍ਹਾ ਪੱਧਰ, ਬਲਾਕ ਪੱਧਰ ਅਤੇ ਸਰਕਲ ਪੱਧਰ ਦੀਆਂ 28 ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸ ਵਿੱਚ 69 ਅਧਿਕਾਰੀ, ਕਰਮਚਾਰੀ ਸ਼ਾਮਿਲ ਹਨ। ਇਹ ਟੀਮਾਂ ਹਫ਼ਤੇ ਵਿੱਚ ਦੋ ਵਾਰ ਮੰਗਲਵਰ ਅਤੇ ਵੀਰਵਾਰ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਸਰਵੇਖਣ ਕਰਨਗੀਆਂ। ਇਹ ਸਰਵੇਖਣ 7 ਜੂਨ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ 30 ਸਤੰਬਰ ਤੱਕ ਨਿਰੰਤਰ ਜਾਰੀ ਰਹੇਗਾ। ਇਨ੍ਹਾਂ ਟੀਮਾਂ ਦੇ ਸਰਵੇਖਣ ਦੇ ਅਧਾਰ 'ਤੇ ਪਿੰਡ ਪੱਧਰ ਦੇ ਕਿਸਾਨ ਸਿਖ਼ਲਾਈ ਕੈਂਪਾਂ ਰਾਹੀਂ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਸਬੰਧੀ ਖਾਦਾਂ, ਕੀਟਨਾਸ਼ਕ ਅਤੇ ਉਲੀਨਾਸ਼ਕਾਂ ਦੀ ਸਿਫ਼ਾਰਸ਼ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮੇਰੀ ਕਿਸਾਨਾਂ ਨੂੰ ਇਹ ਸਲਾਹ ਹੈ ਕਿ ਨਰਮੇਂ ਦੀ ਫ਼ਸਲ ਉਪਰ ਜਦੋਂ ਕੋਈ ਕੀੜਾ ਮਕੌੜਾ ਨੁਕਸਾਨ ਦੀ ਹੱਦ ਵਿੱਚ ਆਉਂਦਾ ਹੈ ਤਾਂ ਉਸ ਸਮੇਂ ਹੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਟਨਾਸ਼ਕ ਦਾ ਛਿੜਕਾਅ ਉਸ ਸਮੇਂ ਕਰਨਾ ਹੈ ਜਦੋਂ ਸਵੇਰੇ 10:00 ਵਜੇ ਤੋਂ ਪਹਿਲਾਂ ਚਿੱਟੀ ਮੱਖੀ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ। ਇਸੇ ਤਰ੍ਹਾਂ ਭੂਰੀ ਜੂੰ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਹੀ ਕਰਨਾ ਚਾਹੀਦਾ ਹੈ ਜਦੋਂ ਭੂਰੀ ਜੂੰ ਦੀ ਗਿਣਤੀ ਪ੍ਰਤੀ ਪੱਤਾ 12 ਹੋ ਜਾਵੇ। ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰਨਾ ਚਾਹੀਦਾ ਹੈ ਜਦੋਂ ਨਰਮੇਂ ਦੀ ਫ਼ਸਲ ਦੇ 50 ਪ੍ਰਤੀਸ਼ਤ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ।
ਇਸੇ ਤਰ੍ਹਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਦੋਂ ਫ਼ਸਲ ਫੁੱਲਾਂ ਤੇ ਆ ਜਾਵੇ ਤਾਂ ਪ੍ਰਤੀ ਖੇਤ ਵੱਖ-2 ਥਾਵਾਂ ਤੋਂ 100 ਫੁੱਲਾਂ ਦਾ ਨਿਰੀਖ਼ਣ ਕੀਤਾ ਜਾਵੇ। ਜੇਕਰ ਇਨ੍ਹਾਂ 100 ਫੁੱਲ੍ਹਾਂ ਵਿਚੋਂ 5 ਤੇ ਗੁਲਾਬੀ ਸੁੰਡੀ ਮਿਲਦੀ ਹੈ ਤਾਂ ਰੋਕਥਾਮ ਲਈ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ। ਅਗੇਤੇ ਨਰਮੇਂ ਨੂੰ ਇਸ ਸਮੇਂ ਪਹਿਲੇ ਪਾਣੀ ਦੀ ਜ਼ਰੂਰਤ ਹੈ। ਪਹਿਲਾ ਪਾਣੀ ਲਗਾਉਣ ਉਪਰੰਤ ਜਦੋਂ ਖੇਤ ਵੱਤਰ ਆ ਜਾਵੇ ਤਾਂ ਯੂਰੀਆ ਖਾਦ ਦੀ ਪਹਿਲੀ ਕਿਸ਼ਤ 45 ਕਿ:ਗ੍ਰਾ: ਪ੍ਰਤੀ ਏਕੜ ਅਤੇ ਯੂਰੀਆ ਖਾਦ ਦੀ ਦੂਜੀ ਕਿਸ਼ਤ 45 ਕਿ;ਗ੍ਰਾ: ਪ੍ਰਤੀ ਏਕੜ ਫ਼ਸਲ ਨੂੰ ਫੁੱਲ ਪੈਣ 'ਤੇ ਪਾਈ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, AAP Punjab, Muktsar, Punjab