ਕੁਨਾਲ ਧੂੜੀਆ, ਸ੍ਰੀ ਮੁਕਤਸਰ ਸਾਹਿਬ:
ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦੀ ਲਗਾਤਾਰ ਹੜਤਾਲ ਚੱਲ ਰਹੀ ਹੈ। ਪਨਬੱਸ ਦੇ ਕੱਚੇ ਕਾਮੇ ਲਗਾਤਾਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਸੂਬਾ ਪੱਧਰ ਤੇ ਚੱਲ ਰਹੀ ਇਸ ਹੜਤਾਲ ਦੌਰਾਨ ਪਨਬੱਸ ਦੀਆਂ ਸਾਰੀਆਂ ਬੱਸਾਂ ਹੀ ਬੰਦ ਹਨ। ਕਾਮਿਆਂ ਦੀ ਯੂਨੀਅਨ ਦੀਆਂ ਲਗਾਤਾਰ ਸਰਕਾਰ ਨਾਲ ਮੀਟਿੰਗਾਂ ਹੋ ਰਹੀਆਂ ਹਨ ਪਰ ਮੀਟਿੰਗਾਂ ਬੇਸਿੱਟਾ ਹਨ।
ਸ੍ਰੀ ਮੁਕਤਸਰ ਸਾਹਿਬ ਦੇ ਡਿਪੂ ਵਿਖੇ ਵੀ ਇਹ ਕਾਮੇ ਲਗਾਤਾਰ ਹੜਤਾਲ ਤੇ ਬੈਠੇ ਹੋਏ ਹਨ। ਪਨਬੱਸ ਦੀਆਂ ਬੱਸਾਂ ਦੇ ਬੰਦ ਹੋਣ ਕਾਰਨ ਜਿਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਇਸ ਹੜਤਾਲ ਕਾਰਨ ਵਿਭਾਗ ਨੂੰ ਵੀ ਰੋਜ਼ਾਨਾ ਵੱਡਾ ਘਾਟਾ ਪੈ ਰਿਹਾ ਹੈ। ਜੇਕਰ ਇਕੱਲੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਮੁਕਤਸਰ ਸਾਹਿਬ ਡਿਪੂ ਤੋਂ ਕੁੱਲ 99 ਬੱਸਾਂ ਚਲਦੀਆਂ ਹਨ। ਜਿਨ੍ਹਾਂ ਵਿਚੋਂ ਰੋਡਵੇਜ਼ ਨਾਲ ਸਬੰਧਤ 9 ਬੱਸਾਂ ਹੀ ਚੱਲ ਰਹੀਆਂ ਹਨ ਅਤੇ ਕਰੀਬ 90 ਬੱਸਾਂ ਹੜਤਾਲ ਕਾਰਨ ਬੰਦ ਪਈਆਂ ਹਨ। ਸ੍ਰੀ ਮੁਕਤਸਰ ਸਾਹਿਬ ਤੋਂ ਚੱਲਣ ਵਾਲੇ ਲੰਬੇ ਰੂਟ ਲਗਪਗ ਬੰਦ ਹਨ।
ਸ੍ਰੀ ਮੁਕਤਸਰ ਸਾਹਿਬ ਤੋਂ ਚਿੰਤਪੁਰਨੀ ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗਡ਼੍ਹ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਦੇ ਰੂਟ ਬੰਦ ਪਏ ਹਨ। ਜੇਕਰ ਵਿਭਾਗੀ ਘਾਟੇ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਸ੍ਰੀ ਮੁਕਤਸਰ ਸਾਹਿਬ ਡਿਪੂ ਤੋਂ ਵਿਭਾਗ ਨੂੰ ਰੋਜ਼ਾਨਾ ਦਾ 13 ਤੋਂ 14 ਲੱਖ ਰੁਪਏ ਘਾਟਾ ਪੈ ਰਿਹਾ ਹੈ। ਬਠਿੰਡਾ ਵਰਗੇ ਵੱਡੇ ਡਿਪੂਆਂ ਵਿਚ ਜਿੱਥੇ ਕਿ ਪਨਬੱਸ ਦੀ ਵੱਡੀ ਤਾਦਾਦ ਐ ਉੱਥੇ ਘਾਟਾ 40 ਤੋਂ 45 ਲੱਖ ਰੁਪਏ ਰੋਜ਼ਾਨਾ ਹੋ ਜਾਂਦਾ ਹੈ। ਹੜਤਾਲੀ ਕਾਮਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਮੰਗ ਪਹਿਲੀ ਕੈਬਨਿਟ ਮੀਟਿੰਗ ਵਿਚ ਪੂਰੀ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ ਅਤੇ ਜਦ ਤੱਕ ਇਹ ਮੰਗ ਮੰਨੀ ਨਹੀਂ ਜਾਂਦੀ ਉਹ ਸੰਘਰਸ਼ ਦੇ ਰਾਹ ਤੇ ਹੀ ਰਹਿਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Chief Minister, Employees, Muktsar, Protest, Punbus, Punjab, Punjab government, Strike