ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਗਰੁੱਪ ਨਾਲ ਸਬੰਧਤ ਇਕ ਗੈਂਗਸਟਰ ਨੂੰ ਕਾਬੂ ਕੀਤਾ ਹੈ। ਇਸ ਗੈਂਗਸਟਰ ਦਾ ਨਾਮ ਗੁਰਦੀਪ ਸਿੰਘ ਉਰਫ ਗੀਟਾ ਹੈ ਜੋ ਕਿ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਕਿੰਗਰਾ ਦਾ ਵਾਸੀ ਹੈ। ਇਸ ਮਾਮਲੇ ਦੇ ਵਿੱਚ ਆਈਜੀ ਫ਼ਰੀਦਕੋਟ ਰੇਂਜ ਪਰਦੀਪ ਕੁਮਾਰ ਯਾਦਵ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ।
ਗੁਰਦੀਪ ਸਿੰਘ ਗੀਟਾ ਤੋਂ ਤਿੰਨ ਪਿਸਟਲ ਜਿਨ੍ਹਾਂ ਵਿੱਚੋਂ ਦੋ ਪਿਸਟਲ 32 ਬੋਰ ਅਤੇ ਇੱਕ 12 ਬੋਰ ਦਾ ਦੇਸੀ ਪਿਸਟਲ ਹੈ ਬਰਾਮਦ ਕੀਤੇ ਗਏ ਹਨ । ਪੁੱਛਗਿੱਛ ਦੌਰਾਨ ਗੀਟਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸਨੇ ਸੱਤ ਹੋਰ ਹਥਿਆਰ ਗੋਲਡੀ ਬਰਾੜ ਅਤੇ ਮਨਪ੍ਰੀਤ ਮੰਨਾ ਦੇ ਕਹਿਣ 'ਤੇ ਵੱਖ ਵੱਖ ਗੈਂਗਸਟਰਾਂ ਨੂੰ ਦਿੱਤੇ ਹਨ। ਪ੍ਰਦੀਪ ਕੁਮਾਰ ਯਾਦਵ ਹੋਰਾਂ ਨੇ ਦੱਸਿਆ ਕੇ ਗੀਟਾ 'ਤੇ ਪੰਜਾਬ ਅਤੇ ਹਰਿਆਣਾ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਪਹਿਲਾਂ ਵੀ ਦਰਜ ਹਨ । ਹੁਣ ਇਸ ਸੰਬੰਧੀ ਲੰਬੀ ਥਾਣੇ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗੀਟਾ ਮੁੱਖ ਤੌਰ 'ਤੇ ਅਸਲਾ ਗੈਂਗਸਟਰਾਂ ਦੇ ਕਹਿਣ 'ਤੇ ਅੱਗੇ ਪਹੁੰਚਾਉਣ ਦਾ ਕੰਮ ਕਰਦਾ ਸੀ। ਇਹ ਅਸਲਾ ਕਿੱਥੋਂ ਲਿਆਉਂਦਾ ਸੀ ਇਸ ਸਬੰਧੀ ਅਜੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣਗੇ। ਇਸ ਤੋਂ ਇਲਾਵਾ ਯਾਦਵ ਹੋਰਾਂ ਨੇ ਦੱਸਿਆ ਕਿ ਰਾਜਨ ਜਾਟ ਨਾਮ ਦੇ ਇੱਕ ਗੈਂਗਸਟਰ ਨੂੰ 2019 ਵਿਚ ਮਲੋਟ 'ਚ ਹੋਏ ਮੰਨਾ ਦੇ ਕਤਲ ਕਾਂਡ ਦੇ ਮਾਮਲੇ 'ਚ ਪੁੱਛ ਗਿੱਛ ਲਈ ਰਿਮਾਂਡ ਤੇ ਲਿਆਂਦਾ ਗਿਆ ਹੈ। ਜਿਸ ਤੋਂ ਵੱਖ ਵੱਖ ਮਾਮਲਿਆਂ ਦੇ ਵਿਚ ਕਾਫੀ ਇਨਪੁੱਟ ਪ੍ਰਾਪਤ ਹੋ ਰਹੀਆਂ ਹਨ । ਇਸ ਸੰਬੰਧ ਵਿਚ ਪੁਲਿਸ ਜਲਦ ਹੋਰ ਖੁਲਾਸੇ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।