
ਜੱਦੀ ਘਰ ਦੇ ਝਗੜੇ 'ਚ ਵਿਅਕਤੀ ਦਾ ਕਤਲ, ਭਾਣਜੇ 'ਤੇ ਲੱਗੇ ਦੋਸ਼
ਭਵਾਨੀਗੜ੍ਹ: ਨੇੜਲੇ ਪਿੰਡ ਕਾਕੜਾ ਵਿਖੇ ਜਗ੍ਹਾ ਦੇ ਝਗੜੇ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਕਤਲ ਹੋਏ ਵਿਅਕਤੀ ਸਰਬਜੀਤ ਦਾਸ (52) ਦੀ ਖੂਨ ਨਾਲ ਲੱਥਪੱਥ ਹੋਈ ਲਾਸ਼ ਉਸ ਦੇ ਘਰ 'ਚ ਮੰਜੇ 'ਤੇ ਮਿਲੀ, ਜਿਸ ਨੂੰ ਕਬਜੇ 'ਚ ਲੈਂਦਿਆਂ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਸਰਬਜੀਤ ਦਾਸ ਦੀ ਪਤਨੀ ਸੁਖਵਿੰਦਰ ਕੌਰ ਜੋ ਨਾਭਾ ਵਿਖੇ ਆਪਣੇ ਪੇਕੇ ਰਹਿੰਦੀ ਹੈ, ਨੇ ਦੋਸ਼ ਲਗਾਇਆ ਕਿ ਸਰਬਜੀਤ ਦਾਸ ਦਾ ਉਸ ਦੇ ਭਾਣਜੇ ਗੁਰਮੀਤ ਸਿੰਘ ਨੇ ਕਤਲ ਕੀਤਾ ਹੈ ਕਿਉਂਕਿ ਉਸ ਨਾਲ ਥਾਂ ਦਾ ਝਗੜਾ ਚੱਲ ਰਿਹਾ ਸੀ। ਸੁਖਵਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਜਿਸ ਸਮੇਂ ਘਟਨਾ ਵਾਪਰੀ, ਉਸ ਵੇਲੇ ਗੁਰਮੀਤ ਸਿੰਘ ਨਾਲ ਉਸ ਦੀ ਪਤਨੀ ਅਤੇ ਇੱਕ ਹੋਰ ਵਿਅਕਤੀ ਵੀ ਮੌਜੂਦ ਸਨ।
ਕਤਲ ਸਬੰਧੀ ਉਸ ਨੂੰ ਸਵੇਰੇ ਹੋਣ 'ਤੇ ਪਤਾ ਚੱਲਿਆ ਜਿਸ ਉਪਰੰਤ ਉਹ ਆਪਣੀ ਧੀ ਨਾਲ ਕਾਕੜੇ ਪਿੰਡ ਪਹੁੰਚੀ। ਮ੍ਰਿਤਕ ਦੀ ਪਤਨੀ ਤੇ ਧੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੁਰਮੀਤ ਸਿੰਘ ਵਗੈਰਾ ਸਾਰੇ ਲੋਕ ਫਰਾਰ ਹੋ ਗਏ। ਉਨ੍ਹਾਂ ਪੁਲਿਸ ਤੋਂ ਮਾਮਲੇ 'ਚ ਸਖਤ ਕਾਰਵਾਈ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਉਧਰ, ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮ੍ਰਿਤਕ ਸਰਬਜੀਤ ਦਾਸ ਤੇ ਉਸ ਦੇ ਭਾਣਜੇ ਗੁਰਮੀਤ ਸਿੰਘ ਦਰਮਿਆਨ ਪੁਸ਼ਤੈਨੀ ਘਰ ਨੂੰ ਲੈ ਕੇ ਝਗੜਾ ਚੱਲਦਾ ਸੀ ਤੇ ਬੀਤੀ ਸ਼ਾਮ ਵੀ ਦੋਵਾਂ 'ਚ ਝਗੜਾ ਹੋਇਆ।
ਹੱਥੋਪਾਈ ਦੌਰਾਨ ਸਰਬਜੀਤ ਸਿੰਘ ਨੂੰ ਹੇਠਾਂ ਡਿੱਗ ਜਾਣ ਕਾਰਣ ਸੀਸ਼ਾ ਵਗੈਰਾ ਲੱਗ ਗਿਆ। ਬਾਜਵਾ ਨੇ ਦੱਸਿਆ ਕਿ ਮਾਮਲੇ ਸਬੰਧੀ ਪੁਲਿਸ ਵੱਲੋੰ ਆਈ.ਪੀ.ਸੀ ਦੀ ਧਾਰਾ 302 ਤਹਿਤ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।