ਭੁਪਿੰਦਰ ਸਿੰਘ ਨਾਭਾ
ਪੰਜਾਬ ਵਿਚ ਝੋਨੇ ਦੀ ਵਾਢੀ ਤੋਂ ਬਾਅਦ ਵੱਡੀ ਤਾਦਾਦ ਵਿਚ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ। ਇਸ ਨਾਲ ਜਿਥੇ ਸਾਹ ਦੀ ਬਿਮਾਰੀ ਅਤੇ ਅਨੇਕਾਂ ਹੀ ਹਾਦਸੇ ਹੋ ਰਹੇ ਹਨ, ਉਥੇ ਹੀ ਜ਼ਮੀਨ ਦੀ ਤਾਕਤ ਘਟ ਰਹੀ ਹੈ ਤੇ ਜੀਵ ਜੰਤੂ ਵੀ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਪਰ ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਕਿਸਾਨ ਅਬਜਿੰਦਰ ਸਿੰਘ ਗਰੇਵਾਲ ਵੱਲੋਂ ਪਿਛਲੇ 20 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਈ, ਸਗੋਂ ਆਪਣੇ ਅੱਠ ਏਕੜ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰ ਕੇ ਵਧੀਆ ਮੁਨਾਫ਼ਾ ਕਮਾ ਰਿਹਾ ਹੈ।
ਅਬਜਿੰਦਰ ਗਰੇਵਾਲ ਕਣਕ ਦੀ ਸਿੱਧੀ ਬਿਜਾਈ ਕਰਕੇ ਇਕ ਵੱਖਰੀ ਮਿਸਾਲ ਪੈਦਾ ਕਰ ਰਿਹਾ ਹੈ, ਜਿੱਥੇ ਪੰਜਾਬ ਦੇ ਕਿਸਾਨ ਹੁਣ ਡੀਏਪੀ ਦੀ ਕਮੀ ਤੋਂ ਡਾਹਢੇ ਪ੍ਰੇਸ਼ਾਨ ਹਨ, ਉੱਥੇ ਹੀ ਅਬਜਿੰਦਰ ਸਿੰਘ ਗਰੇਵਾਲ ਵੱਲੋਂ ਕਦੇ ਵੀ ਆਪਣੇ ਖੇਤ ਵਿੱਚ ਕਿਸੇ ਵੀ ਕਿਸਮ ਦੀ ਖਾਦ ਦਾ ਇਸਤੇਮਾਲ ਨਹੀਂ ਕੀਤਾ।
ਅਬਜਿੰਦਰ ਗਰੇਵਾਲ ਦੇ ਇਸ ਉਪਰਾਲੇ ਤੋਂ ਵੱਖ-ਵੱਖ ਪਿੰਡਾਂ ਦੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ। ਹੋਰ ਕਿਸਾਨ ਸੋਚਦੇ ਹਨ ਕਿ ਉਹ ਵੀ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਉਣਗੇ। ਕਿਸਾਨ ਅਬਜਿੰਦਰ ਸਿੰਘ ਗਰੇਵਾਲ ਨੂੰ ਵਾਤਾਵਰਨ ਪ੍ਰੇਮੀ ਵਜੋਂ ਵੀ ਜਾਣਿਆ ਜਾਂਦਾ ਹੈ।
ਅਬਜਿੰਦਰ ਗਰੇਵਾਲ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਹੀ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਅਬਜਿੰਦਰ ਗਰੇਵਾਲ ਵੱਲੋਂ ਭਾਵੇਂ ਕਣਕ ਦੀ ਖੇਤੀ ਹੋਵੇ ਭਾਵੇਂ ਝੋਨੇ ਦੀ, ਭਾਵੇਂ ਸਬਜ਼ੀਆਂ ਹੋਣ, ਹਰ ਇੱਕ ਫ਼ਸਲ ਆਰਗੈਨਿਕ ਤਰੀਕੇ ਨਾਲ ਕਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਪਰਾਲੀ ਨੂੰ ਅੱਗ ਲਗਾਵਾਂਗੇ ਤਾਂ ਜਿੱਥੇ ਲੋਕਾਂ ਨੂੰ ਬਿਮਾਰੀਆਂ ਦੇ ਨਾਲ ਜੂਝਣਾ ਪਵੇਗਾ, ਉੱਥੇ ਹੀ ਧਰਤੀ ਦੀ ਤਾਕਤ ਵੀ ਘਟੇਗੀ ਅਤੇ ਜੀਵ ਜੰਤੂ ਵੀ ਮਰ ਜਾਣਗੇ।
ਇਸ ਕਰਕੇ ਉਹ ਮਹਿੰਗੇ ਭਾਅ ਦੀ ਡੀਏਪੀ ਖਾਦ ਤੋਂ ਪ੍ਰਹੇਜ਼ ਕਰਕੇ ਉਹ ਆਰਗੈਨਿਕ ਖੇਤੀ ਕਰ ਰਿਹਾ ਹੈ। ਇਸ ਮੌਕੇ ਕਿਸਾਨ ਅਬਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੈਂ ਇਹ ਖੇਤੀ ਪਿਛਲੇ ਵੀਹ ਪੱਚੀ ਸਾਲਾਂ ਤੋਂ ਕਰ ਰਿਹਾ ਅਤੇ ਕਰੀਬ ਵੀਹ ਸਾਲਾਂ ਤੋਂ ਮੈਂ ਖੇਤਾਂ ਵਿੱਚ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਹੀ ਨਹੀਂ ਲਗਾਈ, ਜਦੋਂ ਦੀ ਮੈਂ ਆਰਗੈਨਿਕ ਖੇਤੀ ਕਰਨ ਲੱਗਾ ਹਾਂ, ਮੈਂ ਵਧੀਆ ਮੁਨਾਫਾ ਵੀ ਕਮਾ ਰਿਹਾ ਹਾਂ। ਪਰ ਸਰਕਾਰਾਂ ਵੀ ਕਿਸਾਨਾਂ ਦੀ ਬਾਂਹ ਫੜਨ ਕਿਉਂਕਿ ਜੇਕਰ ਸਰਕਾਰਾਂ ਕਿਸਾਨਾਂ ਦਾ ਸਾਥ ਦੇਣਗੀਆਂ ਤਾਂ ਹੀ ਕਿਸਾਨ ਬਚ ਸਕਣਗੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਨਾਲ ਦਿਨੋਂ-ਦਿਨ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਕਿਸਾਨ ਰਾਜਿੰਦਰ ਸਿੰਘ ਅਤੇ ਕਿਸਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਵੀ ਅਬਜਿੰਦਰ ਗਰੇਵਾਲ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹਾਂ, ਅਸੀਂ ਵੀ ਸੇਧ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਘੱਟ ਤੋਂ ਘੱਟ ਪਰਾਲੀ ਨੂੰ ਸਾੜਨ ਅਤੇ ਵਾਤਾਵਰਨ ਨੂੰ ਬਚਾਈਏ। ਪਰ ਸਰਕਾਰ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ ਖੂੰਹਦ ਲਈ ਮਸ਼ੀਨਰੀ ਮੁਹੱਈਆ ਨਹੀਂ ਕਰਵਾਉਂਦੀ ਹੈ ਜਿਸ ਕਰਕੇ ਕਿਸਾਨ ਮਜਬੂਰਨ ਹੋ ਕੇ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹੋ ਰਹੇ ਹਨ।
ਕਿਸਾਨ ਅਬਜਿੰਦਰ ਸਿੰਘ ਗਰੇਵਾਲ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਦੂਰ-ਦੂਰ ਤਕ ਸ਼ਲਾਘਾ ਹੋ ਰਹੀ ਹੈ ਅਤੇ ਅਬਜਿੰਦਰ ਗਰੇਵਾਲ ਵੱਲੋਂ ਵੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਇਕ ਵੱਡੀ ਮੁਹਿੰਮ ਚਲਾਈ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab farmers