ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ 'ਚ ਲਗਭਗ ਇੱਕ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਪਟਿਆਲਾ ਜੇਲ 'ਚੋਂ ਰਿਹਾਅ ਹੋ ਗਏ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ, ਜਦੋਂ ਵੀ ਤਾਨਾਸ਼ਾਹੀ ਆਈ ਹੈ, ਕ੍ਰਾਂਤੀ ਆਈ ਹੈ। ਮੈਂ ਕਹਿੰਦਾ ਹਾਂ ਕ੍ਰਾਂਤੀ ਦਾ ਨਾਂ ਰਾਹੁਲ ਗਾਂਧੀ ਹੈ। ਸਿੱਧੂ ਨੇ ਕਿਹਾ, ਅੱਜ ਲੋਕਤੰਤਰ ਜ਼ੰਜੀਰਾਂ ਵਿੱਚ ਹੈ। ਪੰਜਾਬ ਦੇਸ਼ ਦੀ ਢਾਲ ਹੈ, ਇਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪੰਜਾਬ 'ਚ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਨੇ ਇਲਜ਼ਾਮ ਲਾਇਆ ਕਿ ਪਹਿਲਾਂ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕੀਤੀ ਜਾਂਦੀ ਹੈ ਅਤੇ ਫਿਰ ਕਿਹਾ ਜਾਂਦਾ ਹੈ ਕਿ ਅਸੀਂ ਇਸ ਨੂੰ ਸ਼ਾਂਤ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ, "ਜੇ ਤੁਸੀਂ ਪੰਜਾਬ ਨੂੰ ਕਮਜ਼ੋਰ ਕਰੋਗੇ, ਤਾਂ ਤੁਸੀਂ ਖੁਦ ਕਮਜ਼ੋਰ ਹੋ ਜਾਓਗੇ। ਮੈਂ ਆਪਣੇ ਪਰਿਵਾਰ ਲਈ ਨਹੀਂ ਲੜ ਰਿਹਾ। ਰਾਹੁਲ ਗਾਂਧੀ ਦੇ ਪੁਰਖਿਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਰਾਹੁਲ ਗਾਂਧੀ ਲੋਕਤੰਤਰ ਦੀਆਂ ਬੇੜੀਆਂ ਕੱਟ ਰਹੇ ਹਨ। ਜਦੋਂ ਸ਼ੇਰ ਗਰਜਦਾ ਹੈ ਤਾਂ ਉਸ ਦੀ ਦਹਾੜ ਅੱਜ ਅਮਰੀਕਾ, ਜਰਮਨੀ ਅਤੇ ਪੂਰੀ ਦੁਨੀਆ ਵਿੱਚ ਗੂੰਜ ਰਹੀ ਹੈ।
ਆਪਣੀ Security ਹਟਾਏ ਜਾਣ ਨੂੰ ਲੈ ਕੇ ਸਿੱਧੂ ਨੇ ਪ੍ਰਤੀਕਰਮ ਦਿੱਤਾ ਅਤੇ ਸੂਬਾ ਸਰਾਕਾਰ ਦੀ ਮਨਸ਼ਾ ਉੱਤੇ ਸਵਾਲ ਖੜੇ ਕੀਤੇ । ਇਸ ਦੌਰਾਨ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਵੀ ਨਜ਼ਰ ਆਏ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਤੰਜ ਕੱਸੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮੁਦੇ ’ਤੇ ਉਹ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਰਨਗੇ।
ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ ਬੇਸ਼ੱਕ ਇਸ ਦੌਰਾਨ ਕਾਂਗਰਸ ਪਾਰਟੀ ਦੇ ਕਈ ਦਿੱਗਜ ਆਗੂ ਸ਼ਾਮਲ ਸਨ ਪਰ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੋੜਿੰਗ ਇਸ ਦੌਰਾਨ ਨਜ਼ਰ ਨਹੀਂ ਆਏ ।
ਜ਼ਿਕਰਯੋਗ ਹੈ ਕਿ ਸਿੱਧੀ ਦੀ ਰਿਹਾਈ ਤੋਂ ਪਹਿਲਾਂ, ਉਨ੍ਹਾਂ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਉਹ ਦੁਪਹਿਰ ਨੂੰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਸੰਬੋਧਿਤ ਕਰਨਗੇ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਕਈ ਕਾਂਗਰਸੀ ਆਗੂ ਅਤੇ ਸਮਰਥਕ ਜੇਲ੍ਹ ਦੇ ਬਾਹਰ ਇਕੱਠੇ ਹੋਏ ਅਤੇ 59 ਸਾਲਾ ਸਾਬਕਾ ਕ੍ਰਿਕਟਰ ਦੀ ਰਿਹਾਈ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਨ ਲਈ 'ਨਵਜੋਤ ਸਿੱਧੂ ਜ਼ਿੰਦਾਬਾਦ' ਦੇ ਨਾਅਰੇ ਲਗਾਏ। ਸਿੱਧੂ ਦੇ ਸੁਆਗਤ ਲਈ ਜੇਲ੍ਹ ਦੇ ਬਾਹਰ ਖੜ੍ਹੇ ਉਨ੍ਹਾਂ ਦੇ ਸਮਰਥਕਾਂ ਨੇ ਢੋਲ-ਢਮਕਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Navjot singh sidhu, Patiala jail, Punjab Congress, Rahul Gandhi