ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਹੋਏ ਕਤਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿੱਥੇ ਬਾਲੀਵੁੱਡ ਹਸਤੀਆਂ, ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਹੁਣ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਤਰ੍ਹਾਂ ਦੀ ਗੈਂਗ ਵਾਰ ਸ਼ੁਰੂ ਹੋ ਗਈ ਹੈ। ਜਦੋਂ ਤੋਂ ਕੈਨੇਡੀਅਨ ਮੂਲ ਦੇ ਗੈਂਗਸਟਰ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਬੰਬੀਹਾ ਗਰੁੱਪ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਗਿਆ ਹੈ ਅਤੇ ਲਾਰੈਂਸ ਗਰੁੱਪ ਨੂੰ ਬਦਲਾ ਲੈਣ ਲਈ ਲਗਾਤਾਰ ਧਮਕੀਆਂ ਦੇ ਰਿਹਾ ਹੈ।
ਹੁਣ ਫੇਸਬੁੱਕ 'ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ, ਨੀਰਜ ਬਵਾਨਾ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕੀਤੀ ਅਤੇ ਬਦਲਾ ਲੈਣ ਦੀ ਧਮਕੀ ਦਿੰਦੇ ਹੋਏ ਕਿਹਾ, "ਦੋ ਦਿਨਾਂ ਵਿੱਚ ਨਤੀਜੇ ਦੇਵਾਂਗੇ"। ਇਹ ਪੋਸਟ ਬਵਾਨਾ ਨਾਮ ਦੇ ਹੈਂਡਲ ਨਾਲ ਸ਼ੇਅਰ ਕੀਤੀ ਗਈ ਹੈ। ਟਿੱਲੂ ਤੇਜਪੁਰੀਆ, ਕੌਸ਼ਲ ਗੁੜਗਾਓਂ ਅਤੇ ਦਵਿੰਦਰ ਬੰਬੀਹਾ ਗੈਂਗ ਵੀ ਬਵਾਨਾ ਗੈਂਗ ਨਾਲ ਜੁੜੇ ਹੋਏ ਹਨ। ਇੱਕ ਪੋਸਟ ਵਿੱਚ ਗੈਂਗਸਟਰ ਕੁਸ਼ਲ ਚੌਧਰੀ ਨੇ ਗਾਇਕ ਮਨਕੀਰਤ ਔਲਖ ਅਤੇ ਗੈਂਗਸਟਰ ਲਾਰੈਂਸ ਦੀ ਫੋਟੋ ਉੱਤੇ ਵੀ ਕਰਾਸ ਲਗਾਇਆ ਹੈ।
ਨੀਰਜ ਨੀਰਜ ਬਵਾਨਾ ਤਿਹਾੜ ਜੇਲ੍ਹ ਵਿੱਚ ਬੰਦ ਹੈ
ਨੀਰਜ ਬਵਾਨਾ ਨੂੰ ਪੋਸਟ ਵਿੱਚ ਟੈਗ ਕੀਤਾ ਗਿਆ ਹੈ। ਬਵਾਨਾ ਉਤੇ ਕਤਲ ਅਤੇ ਫਿਰੌਤੀ ਦੇ ਕਈ ਮਾਮਲੇ ਚੱਲ ਰਹੇ ਹਨ। ਉਹ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪੋਸਟ ਕਿਸ ਨੇ ਲਿਖੀ ਹੈ, ਪਰ ਇਸ ਨੂੰ ਨੀਰਜ ਬਵਾਨਾ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦੇ ਸਾਥੀ ਕਥਿਤ ਤੌਰ 'ਤੇ ਦਿੱਲੀ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਫੈਲੇ ਹੋਏ ਹਨ। ਇਹ ਫੇਸਬੁੱਕ ਪੋਸਟ ਨੀਰਜ ਬਵਾਨਾ ਗੈਂਗ ਦੇ ਮੈਂਬਰ ਭੂਪੀ ਰਾਣਾ ਦੇ ਨਾਂ ਦੇ ਹੈਂਡਲ ਰਾਹੀਂ ਪਾਈ ਗਈ ਹੈ। ਪੋਸਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਗੋਲਡੀ ਬਰਾੜ ਦੀ ਆਲੋਚਨਾ ਕੀਤੀ ਗਈ ਹੈ।
ਬਿਸ਼ਨੋਈ ਗੈਂਗ ਦਾ ਝੂਠਾ ਇਲਜ਼ਾਮ
ਗੌਰਤਲਬ ਹੈ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਦੇ ਇੱਕ ਅਣਪਛਾਤੇ ਅਕਾਊਂਟ ਨੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੋਸਟ ਕੀਤਾ ਸੀ ਕਿ ਇਹ ਯੂਥ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ (ਵਿੱਕੀ ਮਿੱਡੂਖੇੜਾ) ਦੇ ਕਤਲ ਦਾ ਬਦਲਾ ਹੈ। ਮਿੱਡੂਖੇੜਾ ਦੀ ਪਿਛਲੇ ਸਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਬੰਬੀਹਾ ਗੈਂਗ ਨੇ ਜ਼ਿੰਮੇਵਾਰੀ ਲਈ ਸੀ। ਭੂਪੀ ਰਾਣਾ ਹੈਂਡਲ ਦੀ ਪੋਸਟ ਵਿੱਚ ਕਿਹਾ ਗਿਆ ਹੈ ਕਿ ਬਿਸ਼ਨੋਈ ਗੈਂਗ ਨੇ ਝੂਠਾ ਦੋਸ਼ ਲਾਇਆ ਹੈ ਕਿ ਮੂਸੇਵਾਲਾ ਨੇ ਮਿੱਡੂਖੇੜਾ ਅਤੇ ਪੰਜਾਬ ਦੇ ਇੱਕ ਵਿਦਿਆਰਥੀ ਆਗੂ ਗੁਰਲਾਲ ਬਾੜਾ ਦੇ ਕਤਲ ਵਿੱਚ ਮਦਦ ਕੀਤੀ ਸੀ। ਸਿੱਧੂ ਮੂਸੇਵਾਲਾ ਨੇ ਇਨ੍ਹਾਂ ਕਤਲਾਂ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ। ਅਸੀਂ ਸਪੱਸ਼ਟ ਕਰ ਰਹੇ ਹਾਂ, ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਮਦਦ ਕਰਨ ਵਾਲੇ ਹਰ ਵਿਅਕਤੀ ਦਾ ਹਿਸਾਬ ਲਿਆ ਜਾਵੇਗਾ। ਉਸਦੀ ਮੌਤ ਦਾ ਬਹੁਤ ਜਲਦੀ ਬਦਲਾ ਲਿਆ ਜਾਵੇਗਾ। ਅਸੀਂ ਹਮੇਸ਼ਾ ਉਸਦੇ ਪਰਿਵਾਰ ਅਤੇ ਦੋਸਤਾਂ ਦਾ ਸਮਰਥਨ ਕਰਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gangsters, Murder, Sidhu Moosewala