ਚੰਡੀਗੜ੍ਹ : ਕਿਸਾਨ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ `ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਇਆ ਗਿਆ। ਇਸ ਸਮਰਥਨ ਵਿੱਚ ਜਿੱਥੇ ਤਮਾਮ ਰਾਜਨੀਤਕ ਪਾਰਟੀਆਂ ਅੱਗੇ ਆਈਆਂ ਉੱਥੇ ਹੀ ਸੋਸ਼ਲ ਮੀਡੀਆ ਉੱਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦਾ ਕਾਲਾ ਸੂਟ ਪਾਕੇ ਕਿਸਾਨਾਂ ਦਾ ਸਾਥ ਦੇਣ ਦਾ ਮਾਮਲਾ ਭਖਿਆ ਰਿਹਾ। ਇੰਨਾ ਹੀ ਨਹੀਂ ਨਿਊਜ਼ੀਲੈਂਡ ਦੇ ਕਾਲੇ ਰੰਗ ਦਾ ਜਹਾਜ਼ ਵੀ ਵਾਇਰਲ ਰਿਹਾ। ਪਿੱਛੋਂ ਭਾਵੁਕਤਾ ਦੇ ਵਹਿਣ `ਚ ਵਹਿ ਕੇ ਲੋਕਾਂ ਨੇ ਇੰਨਾਂ ਦੋਹਾਂ ਤਸਵੀਰਾਂ ਨੂੰ ਰੱਜ ਕੇ ਸ਼ੇਅਰ ਕੀਤਾ ਤੇ ਨਿਊਜ਼ਲੈਂਡ ਦੇ ਹੱਕ ਵਿੱਚ ਟਿੱਪਣੀਆਂ ਕੀਤੀਆਂ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਇਹ ਸਿਰਫ ਅਫਵਾਹ ਸੀ ਤੇ ਇਸਦਾ ਸੱਚ ਕੁੱਝ ਹੋਰ ਹੈ। ਕਿਸੇ ਨੇ ਇਹ ਅਫਵਾਹ ਫੈਲਾਈ ਤੇ ਸਾਰੇ ਭਾਵਨਾ ਦੇ ਵਹਿਨ ਵਿੱਚ ਬਿਨਾਂ ਜਾਂਚੇ ਇਸਨੂੰ ਕਿੱਲੀ ਦੱਬ ਕੇ ਸ਼ੇਅਰ ਕਰਦੇ ਰਹੇ।
ਜੈਸਿੰਡਾ ਦੇ ਕਾਲੇ ਸੂਟ ਤੇ ਕਾਲੇ ਰੰਗ ਦੇ ਜਹਾਜ਼ ਦਾ ਸੱਚ-
ਦੁਨੀਆ ਭਰ ਦੇ ਲੋਕ ਜਾਣਦੇ ਹਨ ਕਿ ਜੈਸਿੰਡਾ ਨੇ ਕਾਲਾ ਸੂਟ ਉਦੋਂ ਪਾਇਆ ਜਦੋਂ 15 ਮਾਰਚ 2019 ਨੂੰ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿੱਚ ਆਸਟਰੇਲੀਆ ਮੂਲ ਦੇ ਇੱਕ ਗੋਰੇ ਨੇ ਫੇਸਬੁੱਕ `ਤੇ ਲਾਈਵ ਹੋ ਕੇ ਆਟੋਮੈਟਿਕ ਹਥਿਆਰਾਂ ਨਾਲ ਦੋ ਮਸਜਿਦਾਂ `ਤੇ ਹਮਲਾ ਕੀਤਾ ਸੀ। ਜਿਸ ਹਮਲੇ `ਚ ਹੁਣ ਤੱਕ ਮੁਸਲਿਮ ਭਾਈਚਾਰੇ ਦੇ 51 ਨਮਾਜ਼ੀ ਮੌਤ ਦੀ ਭੇਟ ਚੜ੍ਹ ਚੁੱਕੇ ਹਨ। ਜੈਸਿੰਡਾ ਨੇ ਕਾਲਾ ਸੂਟ ਸ਼ਾਇਦ ਇਸ ਕਰਕੇ ਪਾਇਆ ਸੀ ਕਿਉਂਕਿ ਮੁਸਲਿਮ ਔਰਤਾਂ ਵੱਲੋਂ ਪਹਿਨਿਆ ਜਾਣ ਵਾਲਾ ਬੁਰਕਾ ਕਾਲੇ ਰੰਗ ਦਾ ਹੁੰਦਾ ਹੈ। ਦੂਜੀ ਗੱਲ ਇਹ ਹੈ ਏਅਰ ਨਿਊਜ਼ੀਲੈਂਡ ਦੇ ਜਹਾਜ਼ ਦਾ ਰੰਗ ਹੈ ਹੀ ਕਾਲਾ। ਜਿਸ ਕਰਕੇ ਜਹਾਜ਼ ਨੂੰ ਰੰਗ ਕਰਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਇੱਕ ਹੋਰ ਮਾਮਲੇ ਦਾ ਸੱਚ
ਇਸੇ ਕੜੀ `ਚ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੁੱਝ ਮਹੀਨੇ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਆਗੂ ਨੇ ਵੀ ਅਜਿਹਾ ਹੀ ਕਿਹਾ ਸੀ ਕਿ ਕਿਸਾਨਾਂ ਦੇ ਹੱਕ `ਚ ਨਿਊਜ਼ੀਲੈਂਡ ਦੀ ਪਾਰਲੀਮੈਂਟ `ਚ ਬਹਿਸ ਹੋਈ ਹੈ। ਸੱਚਾਈ ਇਹ ਹੈ ਕਿ ਅਜਿਹਾ ਕਦੇ ਵੀ ਨਹੀਂ ਹੋਇਆ। ਪਿਛਲੇ ਮਹੀਨਿਆਂ ਦੌਰਾਨ ਜਦੋਂ ਪੂਰੇ ਨਿਊਜ਼ੀਲੈਂਡ ਵਿੱਚ ਕਿਸਾਨਾਂ ਦੇ ਹੱਕ `ਚ ਪ੍ਰਦਰਸ਼ਨ ਹੋਏ ਸਨ ਤਾਂ ਟੌਰੰਗਾ `ਚ ਵਸਦੇ ਪੰਜਾਬੀ ਕਿਸਾਨਾਂ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਵੇਲੇ ਟੌਰੰਗਾ ਤੋਂ ਨੈਸ਼ਨਲ ਪਾਰਟੀ ਦੇ ਪਾਰਲੀਮੈਂਟ ਮੈਂਬਰ ਸਾਈਮਨ ਬਰਿਜਸ ਨੇ ਸਿਰਫ਼ ਇੰਨੀ ਗੱਲ ਕਹੀ ਸੀ ਕਿ ਉਹ ਇੰਡੀਆ ਦੇ ਕਿਸਾਨਾਂ ਦਾ ਮੱੁਦਾ ਪਾਰਲੀਮੈਂਟ `ਚ ਉਠਾਉਣਗੇ। ਉਸ ਤੋਂ ਬਾਅਦ ਕੁੱਝ ਵੀ ਨਹੀਂ ਹੋਇਆ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers Protest, New Zealand, Viral