ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦੇਸ਼ ਵਿਆਪੀ ਦਸਤਖ਼ਤੀ ਮੁਹਿੰਮ ਦੀ ਰੂਪ-ਰੇਖਾ ਉਲੀਕਦਿਆਂ ਇਸ ਲਹਿਰ ਨੂੰ ਦੇਸ਼ ਦੇ ਕੋਨੇ ਕੋਨੇ ਤੱਕ ਫੈਲਾਉਣ ਦਾ ਫੈਸਲਾ ਕੀਤਾ ਗਿਆ।
ਐਡਵੋਕੇਟ ਧਾਮੀ ਨੇ ਹੋਰ ਫੈਸਲਿਆਂ ਦੀ ਤਫਸੀਲ ਦਿੰਦਿਆਂ ਦੱਸਿਆ ਕਿ ਭਵਿੱਖ ਵਿਚ ਸਿਰੋਪਾਓ ਦੀ ਸੁਚੱਜੀ ਵਰਤੋਂ ਲਈ ਵੀ ਨਿਯਮ ਨਿਰਧਾਰਤ ਕੀਤੇ ਗਏ ਹਨ। ਹੁਣ ਹਰ ਵਿਦਿਅਕ ਅਦਾਰੇ ਅੰਦਰ ਸਿਰੋਪਾਓ, ਲੋਈ ਅਤੇ ਸਨਮਾਨ ਚਿੰਨ੍ਹ ਦੀ ਥਾਂ ਕੇਵਲ ਪੁਸਤਕਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਗੁਰਦੁਆਰਾ ਸਾਹਿਬਾਨ ਵਿਖੇ ਵੀ ਸਿਰੋਪਾਓ ਦੇ ਸੰਕੋਚ ਕੇ ਗੁਰਮਤਿ ਭਾਵਨਾਵਾਂ ਅਨੁਸਾਰ ਵਰਤੋਂ ਲਾਜ਼ਮੀ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਕੇਵਲ ਪੰਥਕ ਕਾਰਜਾਂ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਸਿਰੋਪਾਓ ਦਿੱਤਾ ਜਾਵੇਗਾ, ਜਦਕਿ ਬਾਕੀ ਸਤਿਕਾਰਤ ਸ਼ਖ਼ਸੀਅਤਾਂ ਨੂੰ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸ਼੍ਰੋਮਣੀ ਕਮੇਟੀ ਅੰਦਰ ਅਗਲੇ 6 ਮਹੀਨਿਆਂ ਲਈ ਭਰਤੀ ’ਤੇ ਮੁਕੰਮਲ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੇਵਲ ਵੱਡੇ ਜੋੜ ਮੇਲਿਆਂ ਮੌਕੇ ਲੋੜ ਅਨੁਸਾਰ ਆਰਜੀ ਲੇਬਰ ਹੀ ਲਗਾਈ ਜਾ ਸਕੇਗੀ।
ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਰਜਾਂ ਨੂੰ ਨਿਯਮਤ ਰੂਪ ਵਿਚ ਸੰਗਤ ਤੱਕ ਲਿਜਾਣ ਲਈ 24 ਘੰਟੇ ਦੀਆਂ ਸੇਵਾਵਾਂ ਵਾਲਾ ਯੂ-ਟਿਊਬ ਚੈਨਲ ਚਲਾਉਣ ਦੀ ਵੀ ਜਾਣਕਾਰੀ ਦਿੱਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: SGPC, Sikh, Sikh boy, Sikh Library