ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ। ਸੋਮਵਾਰ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਾਰੇ ਸ਼ੰਕੇ ਦੂਰ ਹੋ ਜਾਣਗੇ। ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ 'ਤੇ ਆ ਰਹੇ ਹਨ ਅਤੇ ਲੋਕਾਂ ਤੋਂ ਮਿਲੀ ਰਾਇ ਅਨੁਸਾਰ ਮੁੱਖ ਮੰਤਰੀ ਦੇ ਨਾਂ ਦਾ ਅਧਿਕਾਰਤ ਐਲਾਨ ਕਰਨਗੇ।
ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰਾਂ 'ਤੇ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਐਲਾਨਿਆ ਮੁੱਖ ਮੰਤਰੀ ਚਿਹਰਾ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਲੋਕ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ।
'ਆਪ' ਦੇ ਇਕ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦੀ ਚੋਣ ਲਈ ਪਾਰਟੀ ਦੀ ਮੁਹਿੰਮ ਦੇ ਹਿੱਸੇ ਵਜੋਂ, 22 ਲੱਖ ਤੋਂ ਵੱਧ ਹੁੰਗਾਰੇ ਮਿਲ ਚੁੱਕੇ ਹਨ। ਕੇਜਰੀਵਾਲ ਨੇ 13 ਜਨਵਰੀ ਨੂੰ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਪਸੰਦੀਦਾ ਉਮੀਦਵਾਰਾਂ ਦਾ ਨਾਂ ਦੇਣ ਦੀ ਅਪੀਲ ਕੀਤੀ ਸੀ। ਇਸ ਸਬੰਧੀ ਉਸ ਨੇ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ : 'ਆਪ' ਵੱਲੋਂ ਜਾਰੀ ਨੰਬਰ 'ਤੇ ਜ਼ਬਰਦਸਤ ਹੁੰਗਾਰਾ, ਕਰੀਬ 22 ਲੱਖ ਲੋਕਾਂ ਨੇ ਦਿੱਤੀ ਮੁੱਖ ਮੰਤਰੀ ਦੇ ਚਿਹਰੇ 'ਤੇ ਰਾਇ
ਕੇਜਰੀਵਾਲ ਨੇ ਉਦੋਂ ਕਿਹਾ ਸੀ ਕਿ ਉਹ 'ਆਪ' ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੁੰਦੇ ਹਨ, ਪਰ ਮਾਨ ਨੇ ਫੈਸਲਾ ਪੰਜਾਬ ਦੇ ਲੋਕਾਂ 'ਤੇ ਛੱਡਣ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ 'ਆਪ' ਕਨਵੀਨਰ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਦੱਸਿਆ ਸੀ।
ਕੇਜਰੀਵਾਲ ਨੇ ਕਿਹਾ ਸੀ, 'ਪੰਜਾਬ 'ਚ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਮੰਗਲਵਾਰ ਦੁਪਹਿਰ 12 ਵਜੇ ਕੀਤਾ ਜਾਵੇਗਾ। ਬਾਅਦ 'ਚ 'ਆਪ' ਨੇਤਾ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, ''17 ਜਨਵਰੀ ਨੂੰ ਸ਼ਾਮ 5 ਵਜੇ ਤੱਕ ਲਗਭਗ 22 ਲੱਖ ਲੋਕਾਂ ਨੇ ਪਾਰਟੀ ਦੇ ਨੰਬਰ 'ਤੇ ਆਪਣੀ ਰਾਏ ਦਿੱਤੀ ਅਤੇ ਮੁੱਖ ਮੰਤਰੀ ਅਹੁਦੇ ਲਈ ਪਸੰਦੀਦਾ ਉਮੀਦਵਾਰ ਦਾ ਐਲਾਨ ਕੀਤਾ।
ਇਸ ਦੌਰਾਨ ‘ਆਪ’ ਆਗੂ ਰਾਘਵ ਚੱਢਾ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਪਾਰਟੀ ਨੂੰ ਮੁੱਖ ਮੰਤਰੀ ਦੇ ਚਿਹਰੇ ਲਈ ਐਸਐਮਐਸ, ਵੌਇਸ ਕਾਲ ਅਤੇ ਵਟਸਐਪ ਸੰਦੇਸ਼ਾਂ ਰਾਹੀਂ ਜਵਾਬ ਮਿਲਿਆ ਹੈ ਅਤੇ ਪਾਰਟੀ ਦੀ ਆਈਟੀ ਟੀਮ ਹਰ ਕਾਲ ਅਤੇ ਸੰਦੇਸ਼ ਦਾ ਵਿਸ਼ਲੇਸ਼ਣ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।