ਫਤਿਹਗੜ੍ਹ ਸਾਹਿਬ- ਪੰਜਾਬ ਪੁਲਿਸ ਨੇ ਜੇਲ੍ਹ ਵਿੱਚ ਬੰਦ ਦੋ ਗੈਂਗਸਟਰਾਂ ਵੱਲੋਂ ਦੱਸੀਆਂ ਵੱਖ-ਵੱਖ ਥਾਵਾਂ ਤੋਂ ਛੇ ਪਿਸਤੌਲ ਬਰਾਮਦ ਕੀਤੇ ਹਨ। ਬਰਾਮਦ ਕੀਤੇ ਪਿਸਤੌਲ ਵਿੱਚ ਆਸਟਰੀਆ ਦਾ ਬਣਿਆ 9 ਐਮ.ਐਮ. ਗਲੋਕ ਪਿਸਤੌਲ, ਚੀਨੀ ਬਣੀ ਸੀ.ਐਫ.-98 ਪਿਸਤੌਲ ਅਤੇ ਚਾਰ ਦੇਸੀ .315 ਬੋਰ ਦੇ ਪਿਸਤੌਲ ਸਮੇਤ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਰਨਜੋਤ ਸਿੰਘ ਉਰਫ਼ ਤੰਨਾ ਨੂੰ ਥਾਣਾ ਸਰਹਿੰਦ ਵਿੱਚ ਧਾਰਾ 384, 120ਬੀ ਅਤੇ 25/54/59 ਤਹਿਤ ਨਾਮਜ਼ਦ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਤੰਨਾ ਨੂੰ ਪਾਕਿਸਤਾਨ ਸਥਿਤ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ ਰੋਡੇ ਉਰਫ਼ ਬਾਬਾ ਵੱਲੋਂ ਸਰਹੱਦ ਪਾਰੋਂ ਭੇਜੇ ਗਏ 11 ਆਧੁਨਿਕ ਹਥਿਆਰਾਂ ਦੀ ਖੇਪ ਮਿਲੀ ਸੀ। ਇਸ ਵਿੱਚੋਂ ਪੁਲੀਸ ਨੇ 9 ਹਥਿਆਰ ਬਰਾਮਦ ਕੀਤੇ ਹਨ ਅਤੇ ਦੋ ਉਸ ਕੋਲ ਸਨ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਲੋਪੋਕੇ, ਅੰਮ੍ਰਿਤਸਰ ਵਿਖੇ ਉਸ ਦੇ ਦੋਸਤ ਦੇ ਘਰੋਂ ਇੱਕ ਸੀਐਫ-98 ਪਿਸਤੌਲ ਅਤੇ ਦੋ .315 ਬੋਰ ਦੇ ਪਿਸਤੌਲ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਐੱਸਐੱਸਪੀ ਫਤਿਹਗੜ੍ਹ ਸਾਹਿਬ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਤਰਨਜੋਤ ਤੰਨਾ ਦੇ ਖੁਲਾਸੇ 'ਤੇ ਇੱਕ ਹੋਰ ਗੈਂਗਸਟਰ ਜਸਪਾਲ ਸਿੰਘ ਉਰਫ਼ ਜੱਸੀ ਨੂੰ ਵੀ ਪੁਲਿਸ ਕਪੂਰਥਲਾ ਜੇਲ੍ਹ ਤੋਂ ਲੈ ਕੇ ਆਈ ਹੈ। ਉਸ ਦੇ ਇਕ ਸਾਥੀ ਲਾਡੀ ਵਾਸੀ ਹੁਸ਼ਿਆਰਪੁਰ ਦੇ ਘਰੋਂ ਦੋ ਦੇਸੀ ਪਿਸਤੌਲਾਂ ਸਮੇਤ ਬਾਕੀ ਗਲਾਕ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਐਸਐਸਪੀ ਫਤਿਹਗੜ੍ਹ ਨੇ ਅੱਗੇ ਦੱਸਿਆ ਕਿ ਇਸ ਬਰਾਮਦਗੀ ਨਾਲ ਸੀਆਈਏ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਲਖਬੀਰ ਰੋਡੇ ਵੱਲੋਂ ਪਾਕਿਸਤਾਨ ਤੋਂ ਭੇਜੀ ਗਈ ਹਥਿਆਰਾਂ ਦੀ ਖੇਪ ਵਿੱਚ ਸ਼ਾਮਲ ਸਾਰੇ ਹਥਿਆਰ ਬਰਾਮਦ ਕਰ ਲਏ ਹਨ। ਜ਼ਿਕਰਯੋਗ ਹੈ ਕਿ ਤਰਨਜੋਤ ਤੰਨਾ ਦਾ ਨਾਂ ਵੀ ਹਾਲ ਹੀ ਵਿੱਚ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਇੱਕ ਫਿਰੌਤੀ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਇਸ ਵਿੱਚ ਗੋਲਡੀ ਬਰਾੜ, ਮਨਪ੍ਰੀਤ ਉਰਫ ਮੰਨਾ ਅਤੇ ਤਰਨਜੋਤ ਉਰਫ ਤੰਨਾ ਨੇ ਬਠਿੰਡਾ ਦੇ ਇੱਕ ਵਪਾਰੀ ਤੋਂ ਫਿਰੌਤੀ ਲਈ ਸੀ। ਇਸ ਮਾਮਲੇ ਵਿੱਚ ਦਿੱਲੀ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਵੱਲੋਂ ਤੰਨਾ ਦਾ ਨਾਂ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਸਰਹੱਦ ਪਾਰੋਂ ਇਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fatehgarh Sahib, Punjab Police