
ਆਪ ਵਾਲਿਓ ਇਹ ਪਾਪ ਨਾ ਕਰੋ, ਮੰਨੋ ਕਿ ਪੰਜਾਬ ਦੇ ਸਕੂਲ ਅੱਵਲ ਨੇ: ਸਿਰਸਾ
ਸਕੂਲੀ ਸਿੱਖਿਆ ਬਾਰੇ ‘ਨੈਸ਼ਨਲ ਅਚੀਵਮੈਂਟ ਸਰਵੇ’ (ਐੱਨਏਐੱਸ) 2021 ਦੀ ਜਾਰੀ ਰਿਪੋਰਟ ਮੁਤਾਬਕ ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਸਬੰਧੀ ਕਰਵਾਏ ਸਰਵੇਖਣ ਵਿੱਚ ਪੰਜਾਬ ਕੌਮੀ ਪੱਧਰ ’ਤੇ ਅੱਗੇ ਰਿਹਾ ਹੈ। ਸਿੱਖਿਆ ਮੰਤਰਾਲੇ ਨੇ ਪਿਛਲੇ ਵਰ੍ਹੇ ਨਵੰਬਰ ਮਹੀਨੇ ਵਿਚ ਇਹ ਸਰਵੇਖਣ ਕਰਵਾਇਆ ਸੀ, ਜਿਸ ਦੌਰਾਨ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਵੱਖੋ-ਵੱਖਰੇ ਵਿਸ਼ਿਆਂ ਵਿੱਚ ਸਿੱਖਣ ਸਬੰਧੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਸੀ, ਖ਼ਾਸ ਤੌਰ ’ਤੇ ਕਰੋਨਾ ਮਹਾਮਾਰੀ ਦੌਰਾਨ।
ਇਸ ਸਰਵੇ ਦੀ ਰਿਪੋਰਟ ਆਉਣ ਪਿੱਛੋਂ ਵਿਰੋਧੀ ਧਿਰਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਹੈ, ਜਿਹੜੀ ਪੰਜਾਬ ਵਿਚ ਦਿੱਲੀ ਦੇ ਸਿੱਖਿਆ ਮਾਡਲ ਨੂੰ ਲਿਆਉਣ ਲਈ ਚਾਰਾਜੋਈ ਕਰ ਰਹੀ ਹੈ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਇਹ (ਆਪ) ਦਿੱਲੀ ਦਾ ਮਾਡਲ ਲਾਉਣ ਦੇ ਦਾਅਵੇ ਕਰ ਰਹੇ ਹਨ ਪਰ ਸਿੱਖਿਆ ਦੇ ਮਾਮਲੇ ਵਿਚ ਦਿੱਲੀ 7-8 ਪੜਾਅ ਪਿੱਛੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਸਰਵੇ ਵਿਚ ਪੰਜਾਬ ਦੇ ਅਧਿਆਪਕਾਂ ਤੇ ਬੱਚਿਆਂ ਨੂੰ ਅੱਵਲ ਦੱਸਿਆ ਗਿਆ ਹੈ, ਆਪ ਸਰਕਾਰ ਨੂੰ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਸਨਮਾਨਤ ਕਰਨਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਅੱਵਲ ਸਿੱਖਿਆ ਮਿਆਰ ਦੀ ਗੱਲ ਪੂਰੇ ਦੇਸ਼ ਨੇ ਮੰਨੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ 'ਤੁਸੀਂ ਕੇਜਰੀਵਾਲ ਤੇ ਸਿਸੋਦੀਆ ਅੱਗੇ ਗੋਡੇ ਟੇਕ ਦਿੱਤੇ ਹਨ। ਪੰਜਾਬ ਦੇ ਸਰਮਾਏ ਨੂੰ ਤੁਸੀਂ ਮੰਨਣ ਤੋਂ ਮੁੱਕਰ ਗਏ। ਤੁਹਾਡੇ ਕੰਮਾਂ ਤੋਂ ਜਾਪ ਰਿਹਾ ਹੈ ਕਿ ਅਗਲੇ ਦੋ-ਤਿੰਨ ਸਾਲਾਂ ਵਿਚ ਤੁਸੀਂ ਪੰਜਾਬ ਦੇ ਸਿੱਖਿਆ ਪੱਧਰ ਨੂੰ ਥੱਲੇ ਲੈ ਕੇ ਆਵੋਗੇ, ਤਾਂ ਜੋ ਦਿੱਲੀ ਕੇ ਮੁਕਾਬਲੇ ਵਿਚ ਪੰਜਾਬ ਨਾ ਦਿੱਸੇ। ਉਨ੍ਹਾਂ ਕਿਹਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਪ ਵਾਲਿਓ ਇਹ ਪਾਪ ਨਾ ਕਰੋ, ਮੰਨੋ ਕਿ ਪੰਜਾਬ ਦੇ ਸਕੂਲ ਅੱਵਲ ਹਨ। ਬੱਚਿਆਂ ਤੇ ਅਧਿਆਪਕਾਂ ਨੂੰ ਸੱਦ ਕੇ ਸਨਮਾਨਤ ਕਰੋ।'
ਦੱਸ ਦਈਏ ਕਿ ਸਕੂਲੀ ਸਿੱਖਿਆ ਬਾਰੇ ‘ਨੈਸ਼ਨਲ ਅਚੀਵਮੈਂਟ ਸਰਵੇ’ (ਐੱਨਏਐੱਸ) 2021 ਦੀ ਜਾਰੀ ਰਿਪੋਰਟ ਮੁਤਾਬਕ ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਸਬੰਧੀ ਕਰਵਾਏ ਸਰਵੇਖਣ ਵਿੱਚ ਪੰਜਾਬ ਕੌਮੀ ਪੱਧਰ ’ਤੇ ਅੱਗੇ ਰਿਹਾ ਹੈ। ਇਸ ਦੌਰਾਨ ਕੁੱਲ 15 ਕੈਟਾਗਿਰੀਆਂ ਵਿੱਚੋਂ 10 ਵਿੱਚ ਪੰਜਾਬ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ।
ਇਸ ਸਰਵੇਖਣ ਅਧੀਨ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਦਿਆਂ ਪੰਜਾਬ ਦੇ 3,656 ਸਕੂਲਾਂ ਦੇ 1.17 ਲੱਖ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਗਈ ਸੀ। ਇਸ ਸਰਵੇਖਣ ਤਹਿਤ ਕੌਮੀ ਪੱਧਰ ’ਤੇ ਕੁੱਲ 1.18 ਲੱਖ ਸਕੂਲਾਂ ਦੇ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ 34.01 ਲੱਖ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਸੀ। ਪੰਜਾਬ ਨੇ ਤੀਜੀ ਜਮਾਤ ’ਚ ਭਾਸ਼ਾ (ਪੰਜਾਬੀ) ਵਿੱਚ 355, ਗਣਿਤ ਵਿੱਚ 339 ਅਤੇ ਈਵੀਐੱਸ ਵਿੱਚ 334 ਅੰਕ ਹਾਸਲ ਕੀਤੇ ਹਨ, ਜੋ ਕ੍ਰਮਵਾਰ 323, 306 ਅਤੇ 307 ਦੀ ਕੌਮੀ ਔਸਤ ਨਾਲੋਂ ਵੱਧ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।