ਬਰਨਾਲਾ ਵਿਖੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਦੇ ਕੇ ਮਾਨ ਸਰਕਾਰ ਘਿਰ ਗਈ ਹੈ। ਪ੍ਰਦਰਸ਼ਨਕਾਰੀ ਈਟੀਟੀ ਅਧਿਆਪਕਾਂ 'ਤੇ ਅਨੁਸ਼ਾਸਨੀ ਕਾਰਵਾਈ ਦਾ ਹਰ ਪਾਸੇ ਤੋਂ ਵਿਰੋਧ ਹੋ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸਦਿਆਂ ਕਿਹਾ ਕਿ ਪਗੜੀ ਭਗਤ ਸਿੰਘ ਵਾਲੀ ਤੇ ਕੰਮ ਅੰਗਰੇਜ਼ਾਂ ਵਾਲੇ। ਇਸਦੇ ਨਾਲ ਹੀ ਅਕਾਲੀ ਦਲ ਨੇ ਤੰਜ ਕੱਸਿਆ ਕਿ ਸਮੇਂ ਦੇ ਨਾਲ AAP ਸਟੈਂਡ ਵੀ ਬਦਲ ਗਈ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਟਵੀਟ...
'ਪੰਜਾਬ ਵਿੱਚ ਬਦਲਾਅ ਦੀ ਸ਼ੁਰੂਆਤ ਹੋ ਚੁੱਕੀ ਹੈ ... AAP ਸਰਕਾਰ ਨੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਵਾਲੇ ਅਧਿਆਪਕਾਂ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ। ਪਗੜੀ ਭਗਤ ਸਿੰਘ ਵਾਲੀ ਤੇ ਕੰਮ ਅੰਗਰੇਜ਼ਾਂ ਵਾਲੇ ...ਬੱਲੇ ਓਏ ਭਗਵੰਤ ਮਾਨ ਸਾਬ੍ਹ ... ਹੈੱਟ ਵੀ ਪਾ ਲਓ ਹੁਣ..'
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਨੇ ਤੰਜ ਕੱਸਿਆ ਕਿ ਸਮੇਂ ਦੇ ਨਾਲ AAP ਸਟੈਂਡ ਵੀ ਬਦਲ ਗਈ।
ਜ਼ਿਕਰਯੋਗ ਹੈ ਕਿ ETT ਅਧਿਆਪਕਾਂ ਨੇ ਬਰਨਾਲਾ 'ਚ ਦੋ ਦਿਨ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਬਾਹਰ ਧਰਨਾ ਦਿੱਤਾ ਸੀ। ਇਸਦੇ ਖਿਲਾਫ ਸਿੱਖਿਆ ਵਿਭਾਗ ਨੇ ਛੁੱਟੀ ਲੈ ਕੇ ਧਰਨਾ ਦੇਣ ਵਾਲਿਆਂ 'ਤੇ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਦਿੱਤੇ ਸਨ।
ਡੀਟੀਐਫ ਵੱਲੋਂ ਸਿੱਖਿਆ ਮੰਤਰੀ ਦੇ ਧਮਕਾਊ ਨੋਟਿਸ ਦੀ ਸਖ਼ਤ ਨਿਖੇਧੀ
ਸਿੱਖਿਆ ਮੰਤਰੀ ਦੀ ਬਰਨਾਲਾ ਰਹਾਇਸ਼ ਅੱਗੇ ਪਰਿਵਾਰਾਂ ਸਮੇਤ ਬੈਠੇ ਅਧਿਆਪਕਾਂ ਨਾਲ ਗੰਭੀਰ ਪੱਧਰ ਦੀ ਗੱਲਬਾਤ ਚਲਾ ਕੇ ਮਸਲਿਆਂ ਦਾ ਹੱਲ ਕੱਢਣ ਦੇ ਜਮਹੂਰੀ ਢੰਗ ਤਰੀਕੇ ਦੀ ਥਾਂ, ਸਿੱਖਿਆ ਮੰਤਰੀ ਵੱਲੋਂ ਦਫਤਰ ਡੀਪੀਆਈ (ਐ: ਸਿੱ:) ਰਾਹੀਂ ਅਧਿਆਪਕਾਂ ਨੂੰ ਧਮਕਾਊ ਨੋਟਿਸ ਜਾਰੀ ਕਰਵਾਉਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ਸਖ਼ਤ ਨਿਖੇਧੀ ਕੀਤੀ ਹੈ।
ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ, ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਰੀ ਬਦਲੀ ਨੀਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਜ਼ਾਰਾਂ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ, ਨੀਤੀ ਤੋਂ ਉਲਟ ਜਾ ਕੇ ਪਿਛਲੇ ਡੇਢ ਸਾਲ ਤੋਂ ਵੱਖ ਵੱਖ ਕਾਰਨਾਂ ਤਹਿਤ ਲਾਗੂ ਨਹੀਂ ਕੀਤਾ ਗਿਆ ਹੈ। ਸਗੋ ਅੰਤਰ ਜ਼ਿਲ੍ਹਾ ਬਦਲੀਆਂ ਕਰਵਾਉਣ ਵਾਲੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਨੂੰ ਬਦਲੀ ਉਪਰੰਤ ਨਵੇਂ ਸਟੇਸ਼ਨ 'ਤੇ ਹਾਜ਼ਰ ਕਰਵਾ ਕੇ, ਮੁੜ ਤੋਂ ਸੈਂਕੜੇ ਕਿਲੋਮੀਟਰ ਦੂਰ ਪੁਰਾਣੇ ਸਟੇਸ਼ਨਾਂ ਉੱਪਰ ਡੈਪੂਟੇਸ਼ਨ ਲਗਾ ਦਿੱਤੀ ਗਈ। ਲੋਕ ਪੱਖੀ ਰਾਜਨੀਤੀ ਦਾ ਦਾਅਵਾ ਕਰਨ ਵਾਲੀ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਤੋਂ ਆਪਣਾ ਮਸਲਾ ਹੱਲ ਕਰਵਾਉਣ ਦੀ ਆਸ ਨਾਲ, ਮੰਤਰੀ ਦੇ ਦਰ 'ਤੇ ਪਹੁੰਚੇ ਅਧਿਆਪਕਾਂ ਨਾਲ ਕੀਤੇ, ਅਜਿਹੇ ਗ਼ੈਰ ਜਮਹੂਰੀ ਅਤੇ ਧੱਕੜ ਰਵੱਈਏ ਨੂੰ ਪੰਜਾਬ ਦੀ ਇਨਸਾਫ਼ ਪਸੰਦ ਅਤੇ ਜੁਝਾਰੂ ਅਧਿਆਪਕ ਲਹਿਰ, ਕਿਸੇ ਕੀਮਤ ਸਹਿਣ ਨਹੀਂ ਕਰੇਗੀ।
ਡੀ ਟੀ ਐਫ ਨੇ ਸਿੱਖਿਆ ਮੰਤਰੀ ਤੋਂ ਇਸ ਧਮਕਾਊ ਨੋਟਿਸ ਨੂੰ ਫੌਰੀ ਵਾਪਸ ਲੈਣ ਅਤੇ ਅਧਿਆਪਕਾਂ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਧਿਆਪਕ ਜਥੇਬੰਦੀਆਂ, ਸਿੱਖਿਆ ਮੰਤਰੀ ਖਿਲਾਫ਼ ਤਿੱਖੇ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।