ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਦੇ 150 ਸਾਲਾ ਜਨਮ ਦਿਹਾੜੇ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਆਰ. ਪੀ. ਤਿਵਾਰੀ ਦੀ ਗਤੀਸ਼ੀਲ ਅਗਵਾਈ ਅਧੀਨ “ਭਾਈ ਵੀਰ ਸਿੰਘ ਅਤੇ ਆਧੁਨਿਕ ਪੰਜਾਬੀ ਸਾਹਿਤ” ਵਿਸ਼ੇ ਉੱਪਰ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਹ ਭਾਸ਼ਣ ਪੰਜਾਬੀ ਸਾਹਿਤ ਤੇ ਸਭਿਆਚਾਰ ਅਤੇ ਗੁਰਮਤਿ ਚਿੰਤਨ ਨਾਲ ਸੰਬੰਧਤ ਉੱਘੀ ਸਖਸ਼ੀਅਤ ਪ੍ਰੋ. ਅਵਤਾਰ ਸਿੰਘ ਵੱਲੋਂ ਦਿੱਤਾ ਗਿਆ।
ਪ੍ਰੋ. ਅਵਤਾਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਭਾਈ ਵੀਰ ਸਿੰਘ ਦੀ ਸਖਸ਼ੀਅਤ, ਪੰਜਾਬੀ ਸਾਹਿਤ ਨੂੰ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ, ਰਚਨਾ-ਸੰਸਾਰ ਅਤੇ ਰਚਨਾ-ਸਰੋਕਾਰਾਂ ਦੇ ਵਿਭਿੰਨ ਪਸਾਰਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਈ ਵੀਰ ਸਿੰਘ ਦੇ ਮਹਾਨ ਵਿਅਕਤਿਤਵ ਨੂੰ ਉਨ੍ਹਾਂ ਦੇ ਨਾਮ ਵਿਚ ਛੁਪੇ ਗੂੜ੍ਹ ਅਰਥਾਂ ਦੇ ਹਵਾਲੇ ਕੀਤੀ। ਉਨ੍ਹਾਂ ਨੇ ਕਿਹਾ ਕਿ ਵੀਰ ਸਿੰਘ ਦੇ ਅੱਗੇ ‘ਭਾਈ’ ਦਾ ਸਤਿਕਾਰ-ਬੋਧ ਤਖੱਲਸ ਉਨ੍ਹਾਂ ਦੀ ਪੰਜਾਬੀ ਸਮਾਜ ਵਿੱਚ ਸਰਬ-ਸਾਂਝੀ ਪ੍ਰਵਾਨਗੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬਹੁਵਿਧਾਵਾਂ ਵਿੱਚ ਪ੍ਰਵੀਨ ਭਾਈ ਵੀਰ ਸਿੰਘ ਕਵੀ, ਨਾਵਲਕਾਰ, ਵਾਰਤਕ ਲੇਖਕ, ਵਿਆਖਿਆਕਾਰ, ਸੰਪਾਦਕ, ਅਨੁਵਾਦਕ ਅਤੇ ਸਿੱਖ ਚਿੰਤਕ ਆਦਿ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ, ਸਾਹਿਤ, ਸਮਾਜ ਤੇ ਸਿੱਖ ਧਰਮ ਨੂੰ ਸਹੀ ਯੋਗਦਾਨ ਬਾਰੇ ਜਾਣਨ ਲਈ ਉਸ ਸਮੇਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਜਿਸ ਯੁੱਗ ਨਾਲ ਭਾਈ ਵੀਰ ਸਿੰਘ ਸੰਬੰਧਤ ਸਨ ਅਤੇ ਸਿਰਜਣਾ ਦੇ ਖੇਤਰ ਵਿਚ ਕਾਰਜਸ਼ੀਲ ਸਨ। ਇਹ ਉਹ ਸਮਾਂ ਸੀ ਜਦੋਂ ਬਸਤੀਵਾਦੀ ਅੰਗਰੇਜ਼ੀ ਹਕੂਮਤ ਦੀਆਂ ਕੁਟਿਲ ਚਾਲਾਂ ਕਾਰਨ ਪੂਰੇ ਭਾਰਤ ਦੇ ਵਾਂਗ ਹੀ ਪੰਜਾਬ ਵੀ ਆਪਣੀ ਮੌਲਿਕ ਸ਼ਨਾਖ਼ਤ ਗਵਾ ਰਿਹਾ ਸੀ। ਇਥੋਂ ਦੀ ਮੂਲ ਸੰਸਕ੍ਰਿਤੀ ਅਤੇ ਧਰਮ, ਪੱਛਮੀ ਜੀਵਨ-ਸ਼ੈਲੀ ਅਤੇ ਇਸਾਈਅਤ ਦੇ ਪ੍ਰਭਾਵ ਅਧੀਨ ਆਪਣਾ ਅਸਲ ਵਜੂਦ ਗਵਾ ਰਹੀ ਸੀ। ਇਸ ਦੇ ਫ਼ਲਸਰੂਪ ਇਕ ਪਾਸੇ ਤਾਂ ਪੰਜਾਬ ਵਿਚ ਲਗਾਤਾਰ ਸਿੱਖ ਧਰਮ ਤੇ ਲਗਾਤਾਰ ਰਾਜਨੀਤਿਕ ਅਤੇ ਸਿਧਾਂਤਕ ਹਮਲੇ ਹੋ ਰਹੇ ਸਨ ਅਤੇ ਦੂਜਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸੰਕਲਪ ਖਤਰੇ ਵਿੱਚ ਪਿਆ ਹੋਇਆ ਸੀ। ਅਜਿਹੀ ਸਥਿਤੀ ਵਿਚ ਭਾਈ ਵੀਰ ਸਿੰਘ ਨੇ ਇਸ ਸੰਕਟ ਦੀ ਗੰਭੀਰਤਾ ਨੂੰ ਸਮਝਿਆ ਅਤੇ ਸਿੰਘ ਸਭਾ ਲਹਿਰ ਦੀ ਸੁਯੋਗ ਅਗਵਾਈ ਕਰਦੇ ਹੋਏ ਆਪਣੀ ਕਲਮ ਨੂੰ ਹਥਿਆਰ ਬਣਾਇਆ। ‘ਸੁੰਦਰੀ’ ਵਰਗੇ ਨਾਵਲਾਂ ਰਾਹੀਂ ਉਨ੍ਹਾਂ ਨੇ ਈਸਾਈ ਮਿਸ਼ਨਰੀਆਂ ਦੇ ਕੂੜ-ਪ੍ਰਚਾਰ ਦਾ ਮੂੰਹ-ਤੋੜ ਜਵਾਬ ਉਨ੍ਹਾਂ ਦੁਆਰਾ ਵਰਤੀ ਜਾ ਰਹੀ ਨੀਤੀ ਰਾਹੀਂ ਦਿੱਤਾ।
ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਨੇ ਵਧੇਰੇ ਕਰਕੇ ਕੁਦਰਤ ਨਾਲ ਸਹਿਜ-ਪ੍ਰੇਮ ਦੀ ਜੋ ਕਵਿਤਾ ਰਚੀ ਉਹ ਵੀ ਅਸਲ ਵਿਚ ਉਨ੍ਹਾਂ ਦੀ ਭਾਰਤੀ ਸੰਸਕ੍ਰਿਤੀ ਅਤੇ ਗੁਰਮਤਿ ਵਿਚਾਰਧਾਰਾ ਨਾਲ ਪ੍ਰਤੀਬੱਧਤਾ, ਪ੍ਰੇਮ ਅਤੇ ਪ੍ਰਵਾਹ ਨੂੰ ਹੀ ਦਰਸਾਉਂਦੀ ਹੈ। ਪੱਛਮੀ ਸਭਿਅਤਾ ਵੱਲੋਂ ਕੁਦਰਤ ਤੇ ਕਾਬੂ ਪਾਉਣ ਅਤੇ ਮਨੁੱਖੀ ਲੋੜਾਂ ਲਈ ਵਰਤਣ ਦੇ ਵਿਚਾਰ ਦੇ ਉਲਟ ਭਾਈ ਵੀਰ ਸਿੰਘ ਨੇ ਭਾਰਤੀ ਸਭਿਅਤਾ ਦੇ ਮੂਲ ਸਿਧਾਂਤਾਂ ਅਨੁਕੂਲ ਕੁਦਰਤ ਨਾਲ ਬਰਾਬਰੀ ਦੇ ਰਿਸ਼ਤੇ ਦੀ ਗੱਲ ਆਪਣੀ ਕਵਿਤਾ ਵਿੱਚ ਕੀਤੀ। ਉਨ੍ਹਾਂ ਦੁਆਰਾ ਰਚਿਤ ਮਹਾਕਾਵਿ ਰਾਣਾ ਸੂਰਤ ਸਿੰਘ ਵੀ ਉਨ੍ਹਾਂ ਦੀ ਸ਼ਾਹਕਾਰ ਰਚਨਾ ਹੈ, ਜਿਸ ਨੂੰ ਪੜ੍ਹ ਕੇ ਭਾਈ ਵੀਰ ਸਿੰਘ ਦੀ ਲੇਖਣੀ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।
ਵਿਸ਼ੇਸ਼ ਭਾਸ਼ਣ ਤੋਂ ਬਾਅਦ ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਈ ਵੀਰ ਸਿੰਘ ਦੀ ਬਹੁਮੁੱਲੀ ਸਾਹਿਤਕ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਨੁੱਖੀ ਸਮਾਜ ਨੂੰ ਕੁਦਰਤ ਨਾਲ ਸਹਿਹੋਂਦ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਇਸ ਸੰਦੇਸ਼ ਤੋਂ ਭਟਕਣ ਕਾਰਨ ਹੀ ਵਰਤਮਾਨ ਸਮੇਂ ਅਸੀਂ ਵਾਤਾਵਰਣ ਸਬੰਧੀ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਹਾਂ। ਭਾਈ ਵੀਰ ਸਿੰਘ ਦੀ ਰਚਨਾ ਵਿਚਲਾ ਸੰਦੇਸ਼ ਸਾਨੂੰ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਦਿਸ਼ਾ ਨਿਰਦੇਸ਼ ਦਿੰਦਾ ਹੈ। ਇਸ ਲਈ ਸਾਨੂੰ ਪੂਰੀ ਕਾਇਨਾਤ ਨਾਲ ਤੇ ਵਿਸ਼ੇਸ਼ ਕਰਕੇ ਧਰਤੀ-ਮਾਤਾ ਨਾਲ ਆਪਣਾ ਰਿਸ਼ਤਾ ਜੋੜਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਈ ਵੀਰ ਸਿੰਘ ਨੇ ਮਨੁੱਖੀ ਸਮਾਜ ਵਿੱਚ ਧਰਮ ਅਤੇ ਨੈਤਿਕਤਾ ਦੇ ਮਹੱਤਵ ਨੂੰ ਸਮਝਿਆ ਅਤੇ ਇਸਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਆਪਣੀ ਲੇਖਣੀ ਦਾ ਕੇਂਦਰੀ ਬਿੰਦੂ ਬਣਾਇਆ।
ਇਸ ਪ੍ਰੋਗਰਾਮ ਦੇ ਆਰੰਭ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਲਖਵੀਰ ਕੌਰ ਲੇਜ਼ੀਆ ਨੇ ਪ੍ਰੋਗਰਾਮ ਦੀ ਰੂਪਰੇਖਾ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਡਾ. ਰਮਨਪ੍ਰੀਤ ਕੌਰ ਨੇ ਵਿਸ਼ੇਸ਼ ਵਕਤਾ ਪ੍ਰੋ. ਅਵਤਾਰ ਸਿੰਘ ਬਾਰੇ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦੇ ਅੰਤ ਤੇ ਡਾ. ਅਮਨਦੀਪ ਸਿੰਘ ਨੇ ਰਸਮੀ ਰੂਪ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ. ਪੀ. ਗਰਗ ਅਤੇ ਚੇਅਰ ਪ੍ਰੋਫੈਸਰ ਡਾ. ਹਰਪਾਲ ਸਿੰਘ ਪੰਨੂ ਅਤੇ ਡਾ. ਕੁਲਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar