ਝੋਨੇ ਦੀ ਲਵਾਈ ਸ਼ੁਰੂ ਹੋਵੇਗੀ, ਪਰ ਕਿਸਾਨਾਂ ਕੋਲ ਨਹੀਂ ਪਹੁੰਚ ਰਹੀ ਯੂਰੀਆ ਖ਼ਾਦ

Ashish Sharma | News18 Punjab
Updated: June 10, 2021, 8:44 PM IST
share image
ਝੋਨੇ ਦੀ ਲਵਾਈ ਸ਼ੁਰੂ ਹੋਵੇਗੀ, ਪਰ ਕਿਸਾਨਾਂ ਕੋਲ ਨਹੀਂ ਪਹੁੰਚ ਰਹੀ ਯੂਰੀਆ ਖ਼ਾਦ
ਝੋਨੇ ਦੀ ਲਵਾਈ ਸ਼ੁਰੂ, ਪਰ ਕਿਸਾਨਾਂ ਕੋਲ ਨਹੀਂ ਪਹੁੰਚ ਰਹੀ ਯੂਰੀਆ ਖ਼ਾਦ

  • Share this:
  • Facebook share img
  • Twitter share img
  • Linkedin share img
ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ 10 ਜੂਨ ਤੋਂ ਸ਼ੁਰੂ ਹੋ ਗਿਆ ਹੈ। ਪਰ ਸਰਕਾਰ ਝੋਨੇ ਨੂੰ ਲੈ ਕੇ ਪ੍ਰਬੰਧਾਂ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਝੋਨੇ ਦੀ ਫ਼ਸਲ ਲਈ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਯੂਰੀਆ ਖ਼ਾਦ ਦੀ ਲੋੜ ਪੈਂਦੀ ਹੈ। ਪਰ ਅਜੇ ਤੱਕ ਸਰਕਾਰੀ ਸਹਿਕਾਰੀ ਸਭਾਵਾਂ ਵਿੱਚ ਲੋੜ ਅਨੁਸਾਰ ਯੂਰੀਆ ਖ਼ਾਦ ਨਹੀਂ ਪਹੁੰਚ ਸਕੀ। ਜਿਸ ਕਰਕੇ ਕਿਸਾਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਯੂਰੀਏ ਦੀ ਘਾਟ ਨੂੰ ਲੈ ਕੇ ਪਿਛਲੇ ਦਿਨੀਂ ਕਿਸਾਨਾਂ ਵਲੋਂ ਸੰਗਰੂਰ ਵਿਖੇ ਯੂਰੀਆ ਖ਼ਾਦ ਲਿਆਉਣ ਲਈ ਮੋਰਚਾ ਲਗਾਇਆ ਗਿਆ ਸੀ। ਜਿਸਤੋਂ ਬਾਅਦ ਵੱਡੀ ਪੱਧਰ ’ਤੇ ਯੂਰੀਆ ਖ਼ਾਦ ਬਰਨਾਲਾ ਜ਼ਿਲੇ ਵਿੱਚ ਪਹੁੰਚ ਸਕੀ ਹੈ। ਕਿਸਾਨ ਜੱਥੇਬੰਦੀਆਂ ਦੇ ਆਗੂਆਂ ਅਨੁਸਾਰ ਜੇਕਰ ਯੂਰੀਆ ਖ਼ਾਦ ਦੀ ਘਾਟ ਪੂਰੀ ਨਾ ਹੋਈ ਤਾਂ ਉਹ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ। ਉਧਰ ਸਹਿਕਾਰੀ ਸਭਾਵਾਂ ਵਿਭਾਗ ਵਲੋਂ ਜ਼ਿਲੇ ਵਿੱਚ 58 ਫ਼ੀਸਦੀ ਯੂਰੀਆ ਖ਼ਾਦ ਜ਼ਿਲੇ ਵਿੱਚ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਲੇ ਵਿੱਚ ਸਹਿਕਾਰੀ ਸਭਾਵਾਂ ਨੂੰ ਮਾਰਕਫ਼ੈਡ ਵਲੋਂ ਹੀ ਯੂਰੀਆ ਖ਼ਾਦ ਮੁਹੱਈਆ ਕਰਵਾਈ ਜਾ ਰਹੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਬਰਨਾਲਾ ਜ਼ਿਲੇ ਵਿੱਚ ਸਿਰਫ਼ 50 ਫ਼ੀਸਦੀ ਯੂਰੀਆ ਖ਼ਾਦ ਹੀ ਪਹੁੰਚਿਆ ਹੈ। ਇਸ ਲਈ ਉਹਨਾਂ ਨੇ ਕਿਸਾਨ ਜੱਥੇਬੰਦੀ ਵਲੋਂ ਮਾਰਕਫ਼ੈਡ ਏਜੰਸੀ ਦੇ ਅਧਿਕਾਰੀਆਂ ਨੂੰ ਯੂਰੀਆ ਖ਼ਾਦ ਸਬੰਧੀ ਮੰਗ ਪੱਤਰ ਵੀ ਦਿੱਤੇ, ਪਰ ਅਧਿਕਾਰੀਆਂ ਵਲੋਂ ਕੋਈ ਧਿਆਨ ਨਾ ਦੇਣ ਤੋਂ ਬਾਅਦ ਕਿਸਾਨਾਂ ਜੱਥੇਬੰਦੀ ਵਲੋਂ ਸੰਗਰੂਰ ਵਿਖੇ ਯੂਰੀਆ ਖ਼ਾਦ ਦੇ ਰੈਕ ’ਤੇ ਧਰਨਾ ਲਗਾਇਆ ਗਿਆ। ਜਿੱਥੋਂ ਬਰਨਾਲਾ ਜ਼ਿਲੇ ਲਈ 3100 ਟਨ  ਯੂਰੀਆ ਲਿਆਂਦਾ ਗਿਆ। 3100 ਟਨ ਨਾਲ ਵੀ ਯੂਰੀਆ ਖਾਦ ਦੀ ਲੋੜ ਪੂਰੀ ਨਹੀਂ ਹੋ ਸਕੀ, ਕਿਉਂਕਿ ਬਹੁਤੀਆਂ ਸੁਸਾਇਟੀਆਂ ਵਿੱਚ ਅਜੇ ਵੀ ਯੂਰੀਆ ਖ਼ਾਦ ਦੀ ਘਾਟ ਪੂਰੀ ਨਹੀਂ ਹੋ ਸਕੀ। ਜਿਸ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਇਸ ਅਹਿਮ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ। ਕਾਂਗਰਸ ਸਰਕਾਰ ਆਪਣੀਆਂ ਕੁਰਸੀਆਂ ਦੇ ਕਲੇਸ ਵਿੱਚ ਉਲਝੀ ਹੋਈ ਹੈ, ਜਦੋਂਕਿ ਕਿਸਾਨਾਂ ਨੂੰ ਜਿੱਥੇ ਖੇਤੀ ਕਾਨੂੰਨਾਂ ਦੀ ਲੜਾਈ ਲੜਨੀ ਪੈ ਰਹੀ ਹੈ, ਉਥੇ ਯੂਰੀਆ ਖ਼ਾਦ ਸਮੇਤ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵਲੋਂ ਹੱਲ ਕੀਤੇ ਜਾਣ ਵਾਲੇ ਮਸਲਿਆਂ ਨੂੰ ਕਿਸਾਨ ਜੱਥੇਬੰਦੀਆਂ ਦੇ ਆਗੂ ਹੱਲ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜਲਦ ਕਿਸਾਨਾਂ ਨੂੰ ਯੂਰੀਆ ਖ਼ਾਦ ਪੂਰੀ ਨਾ ਕਰਵਾਈ ਗਈ ਤਾਂ ਉਹ ਇਸ ਵਿਰੁੱਧ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ।

ਉਧਰ ਇਸ ਸਬੰਧੀ ਜ਼ਿਲਾ ਸਹਿਕਾਰੀ ਸਭਾਵਾਂ ਵਿਭਾਗ ਦੇ ਸਹਾਇਕ ਰਜਿਸਟਰਾਰ ਗੁਰਪ੍ਰੀਤ ਕੌਰ ਆਹਲੂਵਾਲੀਆ ਨੇ ਕਿਹਾ ਕਿ ਜ਼ਿਲੇ ਵਿੱਚ ਯੂਰੀਆ ਖ਼ਾਦ ਦੀ ਬਹੁਤੀ ਸਪਲਾਈ ਮਾਰਕਫ਼ੈਡ ਵਲੋਂ ਹੋਣੀ ਸੀ। ਜਿਸ ਲਈ ਅਧਿਕਾਰੀਆ ਨੂੰ ਲੋੜੀਂਦੀ ਖਾਦ ਲਈ ਜਾਣੂੰ ਕਰਵਾ ਦਿੱਤਾ ਗਿਆ ਸੀ। ਪਿਛਲੇ ਸਾਲ ਮਈ ਮਹੀਨੇ ਤੱਕ 18 ਹਜ਼ਾਰ ਐਮਟੀ ਯੂਰੀਆ ਪਹੁੰਚ ਗਿਆ ਸੀ ਅਤੇ 70 ਫ਼ੀਸਦੀ ਯੂਰੀਆ ਖ਼ਾਦ ਪਹੁੰਚ ਗਈ ਸੀ। ਜਦਕਿ ਇਸ ਵਾਰ ਸਿਰਫ਼ 9300 ਐਮਟੀ ਯੂਰੀਆ ਹੀ ਪਹੁੰਚ ਸਕਿਆ ਹੈ ਅਤੇ ਸਿਰਫ਼ 42 ਫ਼ੀਸਦੀ ਯੂਰੀਆ ਖ਼ਾਦ ਹੀ ਪਹੁੰਚ ਸਕੀ ਹੈ। ਬਰਨਾਲਾ ਜ਼ਿਲੇ ਵਿੱਚ 81 ਸਹਿਕਾਰੀ ਸਭਾਵਾਂ ਕੰਮ ਕਰ ਰਹੀਆਂ ਹਨ, ਜਿਹਨਾਂ ਨੂੰ 25 ਹਜ਼ਾਰ ਐਮਟੀ ਯੂਰੀਆ ਖ਼ਾਦ ਦੀ ਲੋੜ ਹੁੰਦੀ ਹੈ। ਜਦਕਿ 1ਜੂਨ ਤੱਕ ਸਿਰਫ਼ 14 ਹਜ਼ਾਰ ਐਮਟੀ ਖ਼ਾਦ ਹੀ ਪਹੁੰਚ ਸਕੀ ਹੈ। ਜੋ ਸਿਰਫ਼ 58 ਫ਼ੀਸਦੀ ਸਪਲਾਈ ਹੀ ਹੋਈ ਹੈ। ਉਹਨਾਂ ਕਿਹਾ ਕਿ ਕਿਸਾਨ ਜੱਥੇਬੰਦੀਆ ਦੇ ਸੰਘਰਸ਼ ਤੋਂ ਬਾਅਦ ਯੂਰੀਆ ਖ਼ਾਦ ਦੀ ਸਪਲਾਈ ਵਧੀ ਹੈ।
Published by: Ashish Sharma
First published: June 10, 2021, 8:42 PM IST
ਹੋਰ ਪੜ੍ਹੋ
ਅਗਲੀ ਖ਼ਬਰ