ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਐਸਆਈ ਦਿਲਬਾਗ ਸਿੰਘ ਦੀ ਰਿਹਾਇਸ਼ ਦੇ ਬਾਹਰ ਖੜ੍ਹੀ ਕਾਰ ਵਿੱਚ ਆਈਈਡੀ ਲਾਉਣ ਦੇ ਮਾਮਲੇ ਵਿੱਚ ਮੁੱਖ ਸ਼ੱਕੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨੇ ਅੰਮ੍ਰਿਤਸਰ ਪੁਲਿਸ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਹੈ।
ਨਿਊਜ਼ 18 ਦੀ ਰਿਪੋਰਟ ਮੁਤਾਬਕ ਰਿੰਦੇ ਨੇ ਮੇਲ 'ਚ ਕਿਹਾ ਹੈ ਕਿ ਪੁਲਿਸ ਸਾਡੇ ਬੰਦਿਆਂ ਅਤੇ ਪਰਿਵਾਰਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ। ਰਿੰਦਾ ਨੇ ਮੇਲ 'ਚ ਕਿਹਾ ਹੈ ਕਿ ਇਸ ਕਾਰਵਾਈ 'ਚ ਸ਼ਾਮਲ ਪੁਲਿਸ ਕਰਮਚਾਰੀ ਦੇ ਠਿਕਾਣਿਆਂ ਅਤੇ ਘਰਾਂ ਦਾ ਪਤਾ ਜਾਣਦੇ ਹਨ। ਰਿੰਦਾ ਨੇ ਕਾਰਵਾਈ ਬੰਦ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਨਤੀਜਾ ਚੰਗਾ ਨਹੀਂ ਨਿਕਲੇਗਾ। ਇਹ ਮੇਲ ਪੁਲਿਸ ਨੂੰ ਇੱਕ ਵੈੱਬ ਚੈਨਲ ਰਾਹੀਂ ਪ੍ਰਾਪਤ ਹੋਇਆ ਹੈ।
ਰਿੰਦਾ ਨੇ ਦੋਸ਼ ਲਾਇਆ ਕਿ ਐਸਆਈ ਦਿਲਬਾਗ, ਜਿਸ ਦੀ ਕਾਰ ਹੇਠ ਬੰਬ ਫਿੱਟ ਕੀਤਾ ਗਿਆ ਸੀ, ਨੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਮਾਰਿਆ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਰਿੰਦਾ ਦਾ ਨਾਂ ਸਾਹਮਣੇ ਆਇਆ ਹੈ। ਕੈਨੇਡੀਅਨ ਗੈਂਗਸਟਰਾਂ ਨਾਲ ਮਿਲ ਕੇ ਰਿੰਦਾ ਨੇ SI ਦੀ ਕਾਰ 'ਚ IED ਲਗਾਉਣ ਦਾ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਮਈ ਵਿੱਚ ਉਸ ਨੇ ਮੋਹਾਲੀ ਵਿੱਚ ਆਰਪੀਜੀ ਬਲਾਸਟ ਨੂੰ ਅੰਜਾਮ ਦਿੱਤਾ ਸੀ।
ਹਾਲਾਂਕਿ, ਦਿ ਟ੍ਰਿਬਿਊਨ ਦੀ ਰਿਪੋਰਟ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਿੰਦਾ ਦੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਇੱਕ ਸ਼ੱਕੀ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਵੀ ਮਦਦ ਕੀਤੀ, ਜੋ ਕਿ ਫਰਾਰ ਸੀ। ਪੁਲਿਸ ਕਿਸੇ ਮੁਲਜ਼ਮ ਦੇ ਪਰਿਵਾਰ ਨੂੰ ਤੰਗ ਨਹੀਂ ਕਰਦੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।