ਪੰਥਕ ਫਰੰਟ 'ਤੇ ਘਿਰਦੀ ‘ਪੰਥਕ’ ਪਾਰਟੀ


Updated: September 12, 2018, 5:23 PM IST
ਪੰਥਕ ਫਰੰਟ 'ਤੇ ਘਿਰਦੀ ‘ਪੰਥਕ’ ਪਾਰਟੀ

Updated: September 12, 2018, 5:23 PM IST
ਵਿਜੇਪਾਲ ਸਿੰਘ ਬਰਾੜ

ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ,

‘ਬਾਦਸ਼ਾਹ ਦਰਵੇਸ਼’ ਗੁਰ ਗੋਬਿੰਦ ਸਿੰਘ...

ਇਹ ਸਤਰਾਂ ਭਾਈ ਨੰਦ ਲਾਲ ਦੇ ਗੰਜਨਾਮਾ ਦੀਆਂ ਨੇ ਜੋ ਉਹਨਾਂ ਨੇ ਦਸਵੇਂ ਪਤਾਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਲਿਖੀਆਂ ਨੇ, ਪਰ ਸਿਆਸਤ ਨੇਇਨ੍ਹਾਂ ਸਤਰਾਂ ਨੂੰ ਆਪਣੇ ਲੀਡਰਾਂ ਦੀ ਤਰੀਫ ਲਈ ਵਰਤਿਆ ਤਾਂ ਬਾਜ਼ੀ ਪੁੱਠੀ ਪੈ ਗਈ । ਕੋਸ਼ਿਸ਼ ਤਾਂ ਅਕਾਲੀ ਦਲ ਦੀ ਵਿਰੋਧੀਆਂ ਨੂੰ ਘੇਰਨ ਦੀ ਸੀ ਪਰ ਅਕਾਲੀ ਦਲ ਦੇ ਆਗੂ ਬਲਵਿੰਦਰ ਭੂੰਦੜ ਦੇ ਪ੍ਰਕਾਸ਼ ਸਿੰਘ ਬਾਦਲ ਲਈ ਵਰਤੇ ਇਹ ਸ਼ਬਦ ਸੈਲਫ ਗੋਲ ਕਰ ਗਏ ਤੇ ਵਿਰੋਧੀਆਂ ਨੂੰ ਘੇਰਦਾ ਘੇਰਦਾ ਅਕਾਲੀ ਦਲ ਖੁਦ ਹੀ ਵਿਰੋਧੀਆਂ ਦੇ ਨਾਲ ਨਾਲ ਅਵਾਮ ਦੇ ਨਿਸ਼ਾਨੇ ਉਤੇ ਵੀ ਆ ਗਿਆ । ਹਾਲਾਂਕਿ ਭੁੱਲ ਦਾ ਅਹਿਸਾਸ ਹੁੰਦੇ ਹੀ ਭੂੰਦੜ ਵੱਲੋਂ ਮਾਫੀਨਾਮਾ ਜਾਰੀ ਕਰ ਦਿੱਤਾ ਗਿਆ ਪਰ ਓਦੋਂ ਤੱਕ ਤੀਰ ਕਮਾਨ ਵਿਚੋਂ ਨਿਕਲ ਚੁੱਕਾ ਸੀ । ਇਸ ਦੇ ਨਾਲ ਨਾਲ ਸੁਖਬੀਰ ਬਾਦਲ ਵੱਲੋਂ ਉਤਸ਼ਾਹਿਤ ਹੁੰਦਿਆਂ ਐਤਵਾਰ ਨੂੰ ਕਾਲਜ ਵਿੱਦਿਆਰਥੀਆਂ ਦੇ ਕਾਲਜੋਂ ਛੁੱਟੀ ਕਰਕੇ ਰੈਲੀ ਵਿਚ ਆਉਣ ਬਾਰੇ ਦਿੱਤੇ ਬਿਆਨ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਰ ਹੀ ਹੈ । ਵਿਧਾਨ  ਸਭਾ  ਵਿਚ ਜਸਟਿਸ ਰਣਜੀਤ ਸਿੰਘ  ਕਮਿਸ਼ਨ ਦੀ ਰਿਪੋਰਟ ਉਤੇ  ਘਿਰਿਆ ਅਕਾਲੀ ਦਲ ਖੱਪਾ ਪੂਰਨ ਲਈ ਬੇਸ਼ੱਕ  ਆਕਰਮਕ ਮੂਡ ਅਖਤਿਆਰ ਕਰਨ ਦੇ ਰੌਂਅ ਵਿਚ  ਨਜ਼ਰ ਆਂਉਦਾ ਪਰ ਆਪਣੀਆਂ ਜ਼ੁਬਾਨੀ ਗਲਤੀਆਂ ਨਾਲ ਖੁਦ ਹੀ ਘਿਰਦਾ ਜਾ ਰਿਹਾ ਹੈ । ਇਹ ਪਹਿਲੀ  ਵਾਰ ਨਹੀਂ ਹੈ ਕਿ ਅਕਾਲੀ ਦਲ ਦੇ ਸਾਹਮਣੇ ਅਜਿਹੀ ਸਥਿਤੀ ਪੈਦਾ ਹੋਈ ਹੋਵੇ,  ਡੇਰੇ  ਨੂੰ ਮਾਫੀ  ਦੇਣ ਦਾ ਮਸਲਾ ਹੋਵੇ, ਬੇਅਦਬੀਆਂ ਦਾ ਮਾਮਲਾ ਹੋਵੇ ਜਾਂ ਮੋਗਾ ਬੱਸ ਕਾਂਡ ਹੋਵੇ ਅਕਾਲੀ ਦਲ  ਕਿਸੇ ਨਾਂ  ਨਕਿਸੇ ਤਰੀਕੇ ਸਥਿਤੀਆਂ ਨਾਲ ਨਜਿੱਠਦਾ ਹੀ ਆਇਆ ਹੈ ਪਰ ਹੁਣ ਸਥਿਤੀ ਬਦਲ ਚੁੱਕੀ ਹੈ। ਹੁਣ ਫਰਕ  ਇਹ ਹੈ ਕਿ ਉਦੋਂ ਅਕਾਲੀ ਦਲ ਕੋਲ ਸੱਤਾ ਦੀ ਤਾਕਤ ਸੀ ਪਰ ਹੁਣ ਅਕਾਲੀ ਦਲ ਸੱਤਾਹੀਨ ਹੀ ਨਹੀਂ, ਵਿਰੋਧੀ  ਧਿਰ ਦਾ ਵੀ ਰੁਤਬਾ ਗੁਆ ਚੁੱਕਾ ਹੈ। ਅਜਿਹੇ ਵਿਚ ਸਮਝਿਆ ਜਾ ਸਕਦਾ ਹੈ ਕਿ ਅਕਾਲੀ ਦਲ ਇਸ ਵੇਲੇ ਸਭ ਤੋਂ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਜਦੋਂ ਸੁਖਬੀਰ ਬਾਦਲ ਦੀ ਲ਼ੀਡਰਸ਼ਿੱਪ ਨੂੰ ਹੀ ਚੁਣੌਤੀ ਮਿਲਣ ਲੱਗੀ ਹੈ । ਪਾਰਟੀ ਲਈ ਤੇ ਖਾਸਕਰ ਬਾਦਲ ਪਰਿਵਾਰ ਲਈ ਇਸ ਮੁਸ਼ਕਿਲ ਘੜੀ ਵਿਚ ਵੱਡੇ ਬਾਦਲ ਨੂੰ ਮੁੜ ਮੈਦਾਨ ਵਿਚ ਆਉਣਾ ਪਿਆ ਹੈ ਪਰ ਕਈ ਸਵਾਲਾਂ ਦੇ ਜਵਾਬ ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਨਹੀਂ ਹਨ । ਉਤੋਂ ਸੱਤਾਧਾਰੀਆਂ ਦੇ ਲਗਾਤਾਰ ਸਾਧੇ ਜਾ ਰਹੇ ਤਰਕਸ਼ੀ ਤੀਰਾਂ ਦੌਰਾਨ ਪੰਥਕ ਸਿੰਘਾਸਨ ਡੋਲਦਾ ਦੇਖ ਅਕਾਲੀ ਦਲ ਦੇ ਸਾਹਮਣੇ ਪਾਰਟੀ ਦੀ ਬੇੜੀ ਨੂੰ ਕਿਨਾਰੇ ਲਾਉਣ ਦੇ ਨਾਲ ਨਾਲ ਰਿਵਾਇਤੀ ਵੋਟ ਬੈਂਕ ਨੂੰ ਬੰਨ੍ਹ ਕੇ  ਰੱਖਣ ਦੀ ਵੀ  ਚਣੌਤੀ ਖੜ੍ਹੀ  ਹੋ ਗਈ ਹੈ,ਅਜਿਹੇ ਵਿੱਚ ਅਕਾਲੀ ਦਲ ਇਹਨਾਂ ਸਾਰੀਆਂ ਮੁਸ਼ਕਿਲਾਂ ਨੂੰ ਕਿਵੇਂ ਸਰ ਕਰੇਗਾ, ਇਹ ਸਵਾਲ ਪਾਰਟੀ ਲੀਡਰਸ਼ਿੱਪ ਦੇ ਸਾਹਮਣੇ ਮੂੰਹ ਅੱਡੀ ਖੜ੍ਹੇ ਹਨ ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...