ਚੰਡੀਗੜ੍ਹ- ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੈਰਿਸ ਓਲੰਪਿਕ ਖੇਡਾਂ-2024 ਲਈ ਕੁਆਲੀਫਾਈ ਹੋਏ ਪਹਿਲੇ ਅਥਲੀਟ ਅਕਸ਼ਦੀਪ ਸਿੰਘ ਨੂੰ ਫ਼ੋਨ ਕਰਕੇ ਮੁਬਾਰਕਬਾਦ ਦਿੱਤੀ। ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੂੰ ਵੀ ਫ਼ੋਨ ਕਰਕੇ ਪੁੱਤ ਦੀ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਮੀਤ ਹੇਅਰ ਨੇ ਅਕਸ਼ਦੀਪ ਸਿੰਘ ਨੂੰ ਓਲੰਪਿਕ ਤੇ ਏਸ਼ੀਆਈ ਖੇਡਾਂ ਦੀ ਤਿਆਰੀ ਵਾਸਤੇ ਪੰਜਾਬ ਸਰਕਾਰ ਤਰਫੋਂ ਹਰ ਤਰ੍ਹਾਂ ਦੀ ਮੱਦਦ ਦਾ ਵਿਸ਼ਵਾਸ ਦਿਵਾਇਆ। ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਸ਼ਦੀਪ ਸਿੰਘ ਨੂੰ ਨਗਦ ਇਨਾਮ ਰਾਸ਼ੀ ਨਾਲ ਜਲਦ ਸਨਮਾਨਤ ਕੀਤਾ ਜਾਵੇਗਾ।
ਇਸ ਮੌਕੇ ਖੇਡ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਅਕਸ਼ਦੀਪ ਸਿੰਘ ਦੇ ਪਿੰਡ ਕਾਹਨੇਕੇ ਜਾ ਕੇ ਨਿੱਜੀ ਤੌਰ ਉੱਤੇ ਮੁਬਾਰਕਬਾਦ ਦੇਣਗੇ। ਮੰਤਰੀ ਮੀਤ ਹੇਅਰ ਨੇ ਕਿਹਾ ਕਿ ਓਲੰਪਿਕ ਖੇਡਾਂ ਤੇ ਏਸ਼ਿਆਈ ਖੇਡਾਂ ਲਈ ਅਕਸ਼ਦੀਪ ਸਿੰਘ ਤੋਂ ਵੱਡੀਆਂ ਉਮੀਦਾਂ ਹਨ । ਦੱਸ ਦਈਏ ਕਿ ਰਾਂਚੀ ਵਿਖੇ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ ਅਕਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਸਮੇਂ ਦੇ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ।
ਦੱਸ ਦਈਏ ਕਿ ਅਕਸ਼ਦੀਪ ਸਿੰਘ ਨੇ ਮੰਗਲਵਾਰ ਨੂੰ ਇੱਥੇ ਰਾਸ਼ਟਰੀ ਓਪਨ ਰੇਸ ਵਾਕਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਇਸ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਦੇ ਨਾਲ-ਨਾਲ 2024 ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਸ਼ਾਨਦਾਰ ਰਾਸ਼ਟਰੀ ਰਿਕਾਰਡ ਸਮੇਂ ਦੇ ਨਾਲ ਪੁਰਸ਼ਾਂ ਦੇ 20 ਕਿਲੋਮੀਟਰ ਈਵੈਂਟ ਦਾ ਸੋਨ ਤਮਗਾ ਜਿੱਤਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।