
'ਪ੍ਰਕਾਸ਼ ਬਾਦਲ ਸਾਡੇ ਮਾਰਗ ਦਰਸ਼ਕ ਤੇ ਪਿਤਾ, ਉਨ੍ਹਾਂ ਆਪਣਾ ਰੋਮ-ਰੋਮ ਪੰਜਾਬ ਦੇ ਲੇਖੇ ਲਗਾਇਆ': ਹਰਸਿਮਰਤ ਬਾਦਲ
ਚੰਡੀਗੜ੍ਹ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦਾ ਬੀਤੇ ਦਿਨ ਜਨਮ ਦਿਨ ਮਨਾਇਆ। ਉਹ ਹੁਣ 94 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੇ ਸ਼ੁਭਚਿੰਤਕ ਵਧਾਈਆਂ ਦੇ ਰਹੇ ਹਨ। ਇਸ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਬੀਬਾ ਬਾਦਲ ਨੇ ਫੇਸਬੁੱਕ ਉੱਤੇ ਪੋਸ਼ਟ ਕੀਤੀ ਤੇ ਲਿਖਿਆ ਕਿ ਇਸ ਸਦੀ ਦੌਰਾਨ ਜੋ ਪੰਜਾਬੀਆਂ ਅਤੇ ਸਿੱਖਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ ਹੈ, ਉਹ ਉਨ੍ਹਾਂ ਦੇ ਚਿਹਰੇ ਦੀਆਂ ਲਕੀਰਾਂ 'ਤੇ ਸਾਫ਼ ਉੱਕਰਿਆ ਹੋਇਆ ਹੈ। ਉਹ ਸਾਡੇ ਮਾਰਗ ਦਰਸ਼ਕ ਅਤੇ ਪਿਤਾ ਹਨ, ਉਨ੍ਹਾਂ ਨੇ ਆਪਣਾ ਰੋਮ-ਰੋਮ ਪੰਜਾਬ ਦੇ ਲੇਖੇ ਲਗਾਇਆ ਹੈ। ਉਨ੍ਹਾਂ ਦੇ ਜਨਮ ਦਿਨ 'ਤੇ, ਵਾਹਿਗੁਰੂ ਜੀ ਅੱਗੇ ਮੇਰੀ ਅਰਦਾਸ ਹੈ ਕਿ ਉਹ ਆਪਣੀ ਬੇਮਿਸਾਲ ਸਿਆਣਪ ਨਾਲ ਸਮਾਜਿਕ ਸਦਭਾਵਨਾ ਅਤੇ ਖੁਸ਼ਹਾਲੀ ਵੱਲ੍ਹ ਪੰਜਾਬ ਦੀ ਅਗਵਾਈ ਨਿਰੰਤਰ ਕਰਦੇ ਰਹਿਣ।
7 ਦਸੰਬਰ 1927 ਨੂੰ ਪਿੰਡ ਅਬੁਲ ਖੁਰਾਣਾ ਵਿੱਚ ਜਨਮੇ ਪ੍ਰਕਾਸ਼ ਸਿੰਘ ਬਾਦਲ ਨੇ ਫੋਰਮੈਨ ਕ੍ਰਿਸ਼ਚਨ ਕਾਲਜ ਲਾਹੌਰ ਤੋਂ ਵਿਦਿਆ ਹਾਸਲ ਕੀਤੀ। ਉਨ੍ਹਾਂ 1947 ਵਿਚ ਰਾਜਨੀਤੀ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਪਿੰਡ ਬਾਦਲ ਦੇ ਸਰਪੰਚ ਬਣੇ। ਇਸ ਮਗਰੋਂ ਉਹ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਬਣੇ। ਉਹ 1957 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ। ਪ੍ਰਕਾਸ਼ ਸਿੰਘ ਬਾਦਲ 1970 ਵਿਚ ਪਹਿਲੀ ਵਾਰ ਅਤੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। ਮਾਰਚ 2012 ਵਿਚ ਉਹ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣੇ।
ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਉਹ ਅਕਾਲੀ ਦਲ ਦੇ ਪ੍ਰਧਾਨ ਰਹੇ ਤੇ ਉਨ੍ਹਾਂ ਵੱਖ-ਵੱਖ ਮੋਰਚਿਆਂ ਦੀ ਅਗਵਾਈ ਵੀ ਕੀਤੀ ਤੇ 17 ਸਾਲਾਂ ਤੱਕ ਜੇਲ੍ਹ ਵੀ ਕੱਟੀ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ 30 ਮਾਰਚ 2015 ਨੁੰ ਤਤਕਾਲੀ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੱਲੋਂ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਉਹਨਾਂ ਨੁੰ 11 ਦਸੰਬਰ 2011 ਨੁੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਰਤਨ ਫਖ਼ਰ ਏ ਕੌਮ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ।
ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ, ਜਦੋਂਕਿ ਬੇਟੀ ਪ੍ਰਨੀਤ ਕੌਰ ਕੈਰੋਂ ਪਰਿਵਾਰ ਵਿਚ ਆਦੇਸ਼ ਪ੍ਰਤਾਪ ਕੈਰੋਂ ਨਾਲ ਵਿਆਹੀ ਹੋਈ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।