Punjab Election 2022 : ਲੰਬੀ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਝੂਠੇ ਚੋਣ ਵਾਅਦਿਆਂ ਤੋਂ ਲੋਕਤੰਤਰ ਦੀ ਚੋਣ ਪ੍ਰਕਿਰਿਆ ਨੂੰ ਮੁਕਤ ਕਰਨ ਲਈ ਚੋਣ ਮਨੋਰਥ ਪੱਤਰ ’ਚ ਦਰਜ ਵਾਅਦਿਆਂ ’ਤੇ ਖ਼ਰਾ ਨਾ ਉੱਤਰਨ ਵਾਲੀ ਸਿਆਸੀ ਪਾਰਟੀ ਦੀ ਮਾਨਤਾ ਰੱਦ ਹੋਣ ਦਾ ਕਾਨੂੰਨ ਬਣਨਾ ਚਾਹੀਦਾ ਹੈ।
ਸ੍ਰੀ ਬਾਦਲ ਲੰਬੀ ਹਲਕੇ ਪਿੰਡ ਪੰਜਾਵਾ, ਸਿੱਖਵਾਲਾ ਤੇ ਫਤੂਹੀਖੇੜਾ ਵਿੱਚ ਚੋਣ ਜਲਸੇ ਕੀਤੇ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਨਸ਼ਿਆਂ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੀਆਂ ਝੂਠੀਆਂ ਸਹੁੰਆਂ ਖਾਧੀਆਂ ਸਨ ਅਤੇ ਝੂਠੇ ਵਾਅਦਿਆਂ ਦਾ ਨਤੀਜਾ ਸਮੁੱਚੇ ਪੰਜਾਬ ਨੇ ਪੰਜ ਸਾਲ ਭੁਗਤਿਆ।
ਸ੍ਰੀ ਬਾਦਲ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਅਤੇ ਗੋਆ ਦੀ ਸੱਤਾ ਲਈ ਲੋਕਾਂ ਨੂੰ ਝੂਠੇ ਸੁਫ਼ਨੇ ਦਿਖਾ ਰਹੀ ਹੈ। ਉਨ੍ਹਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਥਰਮਲ ਪਲਾਟਾਂ ਦੇ ਧੂੰਏਂ ਨੂੰ ਦਿੱਲੀ ਲਈ ਖ਼ਤਰਾ ਦੱਸਿਆ ਅਤੇ ਪਰਾਲੀ ਸਾੜਨ ’ਤੇ ਮੁੱਦੇ ਉੱਤੇ ਸੂਬੇ ਦੀ ਕਿਸਾਨੀ ਖ਼ਿਲਾਫ਼ ਵਿਵਾਦ ਖੜ੍ਹਾ ਕੀਤਾ।
ਕੇਜਰੀਵਾਲ ਨੂੰ ਪੰਜਾਬ ਅਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਨਾਲ ਕੋਈ ਹਮਦਰਦੀ ਨਹੀਂ, ਉਸ ਨੂੰ ਪੰਜਾਬ ਦਾ ਹੇਜ਼ ਸਿਰਫ਼ ਸੱਤਾ ’ਤੇ ਕਬਜ਼ਾ ਕਰਨ ਲਈ ਆ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਸੌ ਸਾਲਾ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਕਿਉਂਕਿ ਉਸ ਨੇ ਪੰਜਾਬ ਦੇ ਹਰ ਦੁੱਖ-ਦਰਦ ਨੂੰ ਪਿੰਡੇ ’ਤੇ ਹੰਢਾਇਆ ਹੈ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਭੁੱਚੋ ਮੰਡੀ ਤੋਂ ਪਾਰਟੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ ਵਿੱਚ ਗੋਨਿਆਣਾ ਬਲਾਕ ਦੇ ਪਿੰਡ ਮਹਿਮਾ ਸਰਜਾ, ਜੰਡਾਂਵਾਲਾ ਅਤੇ ਗੰਗਾ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 ਦੀਆਂ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹੱਥ ਮਿਲਾਏ ਸਨ ਅਤੇ ਹੁਣ ਦੋਵੇਂ ਹੀ ਬੇਨਕਾਬ ਹੋ ਗਏ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Parkash Singh Badal, Punjab Assembly election 2022, Punjab Election 2022