ਜਤਿਨ ਸ਼ਰਮਾ, ਪਠਾਨਕੋਟ:
ਹਰੇਕ ਤਰਾਂ ਦੇ ਜੀਵਨ ਭਾਵੇਂ ਮੁਨੱਖ ਹੋਵੇ ਜਾਂ ਪਸ਼ੂ ਜਾਂ ਪੌਦੇ ਹੋਣ,ਇਨ੍ਹਾਂ ਲਈ ਕੁਦਰਤ ਵੱਲੋਂ ਤਿੰਨ ਕੁਦਰਤੀ ਸੋਮੇ ਹਵਾ,ਪਾਣੀ ਅਤੇ ਮਿੱਟੀ ਬਹੁਤ ਜ਼ਰੂਰੀ ਹਨ ਇਸ ਲਈ ਇਨਾਂ ਤਿੰਨਾਂ ਦਾ ਸ਼ੁਧ ਹੋਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਡਾ ਅਮਰੀਕ ਸਿੰਘ ਭੌਂ ਪਰਖ ਅਫ਼ਸਰ ਨੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੀ ਰਹਿਨੁਮਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਥਾਨਕ ਮਿੱਟੀ ਪਰਖ ਪ੍ਰਯੋਗਸ਼ਾਲਾ ਇੰਦਰਾ ਕਾਲੋਨੀ ਵਿੱਚ ਮਨਾਏ ਗਏ ਵਿਸ਼ਵ ਮਿੱਟੀ ਦਿਵਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।
ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਮਿੱਟੀ ਦਿਵਸ 2021 ਅਤੇ ਇਸ ਦੀ ਮੁਹਿੰਮ "ਮਿੱਟੀ ਦੇ ਖਾਰੇਪਣ ਨੂੰ ਰੋਕੋ, ਮਿੱਟੀ ਦੀ ਉਤਪਾਦਕਤਾ ਨੂੰ ਵਧਾਓ" ਦਾ ਉਦੇਸ਼ ਮਿੱਟੀ ਪ੍ਰਬੰਧਨ ਵਿੱਚ ਵਧ ਰਹੀਆਂ ਚੁਣੌਤੀਆਂ ਨੂੰ ਸੰਬੋਧਿਤ ਕਰਕੇ, ਮਿੱਟੀ ਦੇ ਖਾਰੇਪਣ ਨਾਲ ਲੜਨ, ਵਧਦੀ ਹੋਈ ਸਿਹਤਮੰਦ ਵਾਤਾਵਰਣ ਪ੍ਰਣਾਲੀ ਅਤੇ ਮਨੁੱਖੀ ਭਲਾਈ ਨੂੰ ਬਣਾਈ ਰੱਖਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅਨੇਕਾਂ ਕਾਰਨਾਂ ਕਾਰਨ ਮਿੱਟੀ ਦੀ ਉਤਪਾਦਕਤਾ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ, ਜਿੰਨਾਂ ਵਿੱਚੋਂ ਮਿੱਟੀ ਦਾ ਖਾਰਾਪਣ, ਸ਼ੋਰਾ(ਚਿੱਟਾ ਕੱਲਰ) ਮੁੱਖ ਕਾਰਕ ਹਨ।
ਉਨ੍ਹਾਂ ਕਿਹਾ ਕਿ ਖਾਰੀਆਂ ਜ਼ਮੀਨਾਂ ਨੂੰ ਸੁਧਾਰਨ ਵਾਸਤੇ ਮਿੱਟੀ ਪਰਖ ਦੇ ਆਧਾਰ 'ਤੇ ਸਿਫ਼ਾਰਸ਼ ਕੀਤੀ ਜਿਪਸਮ ਦੀ ਮਾਤਰਾ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਪਸਮ 50 ਫੀਸਦੀ ਉਪਦਾਨ 'ਤੇ ਜਿਪਸਮ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਖਾਰੀ ਜ਼ਮੀਨਾਂ ਵਿੱਚ ਵਿੱਚ ਆਮ ਜ਼ਮੀਨਾਂ ਨਾਲੋਂ ਨਾਈਟ੍ਰੋਜਨ ਖਾਦ ਦੀ 25 ਪ੍ਰਤੀਸ਼ਤ ਵੱਧ ਮਾਤਰਾ ਪਾਉਣੀ ਚਾਹੀਦੀ ਹੈ ਕਿਉਂਕਿ ਖਾਰੇਪਣ ਵਾਲੀਆਂ ਜ਼ਮੀਨਾਂ ਵਿੱਚ ਬੀਜੀਆਂ ਫ਼ਸਲਾਂ ਵਿੱਚ ਆਮ ਤੌਰ ਤੇ ਜ਼ਿੰਕ ਦੀ ਘਾਟ ਆ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਖਾਰੀ ਜ਼ਮੀਨਾਂ ਵਿੱਚ ਜ਼ਿੰਕ ਸਲਫੇਟ ਦੀ ਵਰਤੋਂ ਆਮ ਜ਼ਮੀਨਾਂ ਨਾਲੋਂ ਵੱਧ ਮਾਤਰਾ ਵਿੱਚ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂਕਿਹਾ ਕਿ ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਹਤਾ ਨੂੰ ਸਮਝਣਾ ਪਵੇਗਾ ਅਤੇ ਅਜਿਹੀਆਂ ਯੋਜਨਾਵਾਂ ਬਨਾਉਣੀਆਂ ਪੈਣਗੀਆਂ ਜਿਸ ਨਾਲ ਮਿੱਟੀ ਦਾ ਪੁਰਾਣਾ ਰੂਪ ਵਾਪਸ ਆ ਸਕੇ ਤਾਂ ਜੋ ਭਵਿੱਖ ਵਿੱਚ ਇਸ ਮਿੱਟੀ ਤੋਂ ਸਿਹਤਮੰਦ ਭੋਜਨ ਪ੍ਰਾਪਤ ਕਰ ਸਕੀਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Farmer, Pathankot, Punjab, Punjab farmers