Corona Strikes Again in Punjab: ਹਾਲ ਹੀ ਵਿੱਚ ਭਾਰਤ ਅੰਦਰ ਕੋਰੋਨਾ ਦੇ ਮਾਮਲਿਆਂ ਵਿੱਚ ਭਾਰੀ ਉਛਾਲ ਆਇਆ ਹੈ। ਇਹ ਉਤਰਾਅ-ਚੜ੍ਹਾਅ ਜਾਰੀ ਹਨ। ਇਸ ਨੂੰ ਲੈ ਕੇ ਮੈਡੀਕਲ ਮਾਹਿਰਾਂ ਵਿਚ ਚਿੰਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ ਮਾਮਲਿਆਂ ਵਿੱਚ ਇਸ ਅਚਾਨਕ ਵਾਧੇ ਦਾ ਕਾਰਨ ਓਮੀਕਰੋਨ ਵਾਇਰਸ BA.2 ਦੇ ਤਿੰਨ ਨਵੇਂ ਉਪ ਰੂਪ ਹਨ। ਗੱਲ ਜੇਕਰ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੇ ਵੀ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇੱਕ ਵਾਰ ਫਿਰ ਤੋਂ ਕੋਰੋਨਾ ਆਪਣੇ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਵਿੱਚ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਲੁਧਿਆਣਾ ਅਤੇ ਜਲੰਧਰ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਪਟਿਆਲਾ ਦੀ ਡਿਪਟੀ ਕਮਿਸ਼ਨਰ (DC) ਸਾਕਸ਼ੀ ਸਾਹਨੀ ਵੀ ਕੋਵਿਡ ਪਾਜ਼ੇਟਿਵ ਹੋ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਜੇਲ੍ਹ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ, ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਅਤੇ ਡਿਪਟੀ ਸਪੀਕਰ ਜੈਕਿਸ਼ਨ ਰੋਡੀ ਵੀ ਪਾਜ਼ੀਟਿਵ ਆਏ ਹਨ। ਪੰਜਾਬ ਦੇ ਦ੍ਰਿਸ਼ਟੀਕੋਣ ਤੋਂ ਚਿੰਤਾਜਨਕ ਗੱਲ ਇਹ ਹੈ ਕਿ 102 ਮਰੀਜ਼ ਜੀਵਨ ਰੱਖਿਅਕ ਸਹਾਇਤਾ 'ਤੇ ਪਹੁੰਚ ਚੁੱਕੇ ਹਨ। ਇਨ੍ਹਾਂ 'ਚੋਂ 86 ਆਕਸੀਜਨ 'ਤੇ, 14 ਆਈਸੀਯੂ 'ਤੇ ਅਤੇ 2 ਵੈਂਟੀਲੇਟਰ 'ਤੇ ਹਨ।
24 ਘੰਟਿਆਂ ਵਿੱਚ 467 ਮਰੀਜ਼ ਆਏ ਸਾਹਮਣੇ
ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 467 ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਬਾਅਦ 3,121 ਐਕਟਿਵ ਕੇਸ ਹੋ ਗਏ ਹਨ। ਸਭ ਤੋਂ ਵੱਧ 75 ਮਰੀਜ਼ ਜਲੰਧਰ ਵਿੱਚ, 63 ਮੁਹਾਲੀ ਵਿੱਚ, 46 ਲੁਧਿਆਣਾ ਵਿੱਚ, 37 ਪਟਿਆਲਾ ਵਿੱਚ ਪਾਏ ਗਏ ਹਨ। ਪੰਜਾਬ ਦੀ ਸਕਾਰਾਤਮਕਤਾ ਦਰ 4.68% ਤੱਕ ਪਹੁੰਚ ਗਈ ਹੈ। ਐਤਵਾਰ ਨੂੰ, 10,591 ਨਮੂਨੇ ਲਏ ਗਏ ਸਨ ਜਦੋਂ ਕਿ 9974 ਕੋਵਿਡ ਲਈ ਟੈਸਟ ਕੀਤੇ ਗਏ ਸਨ।
ਕੋਰੋਨਾ ਤੇ ਬੋਲੇ- ਅਮਰਿੰਦਰ ਸਿੰਘ ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੋਰੋਨਾ ਦੀ ਸਥਿਤੀ 'ਤੇ ਸੂਬਾ ਸਰਕਾਰ ਨੂੰ ਚੌਕਸ ਕੀਤਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਮਾਸਕ ਲਾਜ਼ਮੀ ਕਰਨ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ। ਪੰਜਾਬ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ ਤਾਂ ਕਿ ਬਹੁਤੀ ਦੇਰ ਨਾ ਹੋ ਜਾਵੇ। ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Amarinder Raja Warring, Bhagwant Mann, Corona, Coronavirus, Coronavirus Testing