ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਿੰਗ ਵਿਚ ਦਾਖਲ ਹੋਣ ਵਾਲੇ ਹਰ ਤੀਜੇ ਕੋਵਿਡ ਮਰੀਜ਼ ਦੀ ਵਾਇਰਸ ਕਾਰਨ ਮੌਤ ਹੋ ਰਹੀ ਹੈ। ਇੱਕ ਦਿਨ ਵਿੱਚ ਲਗਭਗ 30 ਕੋਵਿਡ ਮਰੀਜਾਂ ਦੀਆਂ ਮੌਤਾਂ ਦੇ ਨਾਲ ਹਸਪਤਾਲ ਵਿੱਚ ਮੌਤ ਦੀ ਦਰ 35 ਪ੍ਰਤੀਸ਼ਤ ਹੋ ਗਈ ਹੈ। 'ਦਿ ਟ੍ਰਿਬਿਊਨ' ਦੀ ਖਬਰ ਮੁਤਾਬਕ ਹਸਪਤਾਲ ਦੇ ਅਧਿਕਾਰੀ ਦੱਸਦੇ ਹਨ ਕਿ ਪਿਛਲੇ ਸਾਲ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ 5,053 ਦਾਖਲ ਹੋਏ ਮਰੀਜਾਂ ਵਿਚੋਂ ਤਕਰੀਬਨ 1,781 ਕੋਰੋਨਾ ਪੌਜੀਟਿਵ ਮਰੀਜ਼ਾਂ ਦੀ ਮੌਤ ਹੋਈ ਹੈ।
ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਿਕ ਸੰਕਰਮਨ ਦੀ ਦੂਜੀ ਲਹਿਰ ਵਿੱਚ ਪਹਿਲੀ ਲਹਿਰ ਦੇ ਮੁਕਾਬਲੇ ਮੌਤਾਂ ਦੀ ਦਰ ਵਧ ਗਈ ਹੈ ਤੇ ਲਗਾਤਾਰ ਵਧਦੀ ਜਾ ਰਹੀ ਹੈ। ਮਈ ਵਿਚ ਹੁਣ ਤਕ, 422 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਅਪ੍ਰੈਲ ਵਿਚ ਇਹ ਅੰਕੜਾ 415 ਸੀ ਤੇ ਮਾਰਚ ਵਿਚ 113 ਸੀ। ਮਾਹਰਾਂ ਦਾ ਕਹਿਣਾ ਹੈ ਕਿ ਬੇਹਦ ਦੁੱਖ ਦੀ ਗੱਲ ਹੈ ਕਿ ਹਸਪਤਾਲ ਵਿਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ।
ਹਸਪਤਾਲ ਵਿਚ ਕੋਵਿਡ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ ਇਸ ਪਿੱਛੇ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਇਹ ਨਿਚੋੜ ਕੱਢਿਆ ਗਿਆ ਹੈ ਕਿ ਮਰੀਜ਼ ਨੂੰ ਹਸਪਤਾਲ ਹੀ ਉਸ ਸਮੇਂ ਲਿਆਇਆ ਜਾਂਦਾ ਹੈ ਜਦੋਂ ਉਸ ਦੀ ਹਾਲਸ ਬਹੁਤ ਗੰਭੀਰ ਹੁੰਦੀ ਹੈ, ਇਸ ਕਰਕੇ ਹੀ ਮੌਤਾਂ ਦਾ ਅੰਕੜਾ ਵਧਿਆ ਹੈ। ਅਧਿਕਾਰੀਆਂ ਦਾ ਕਹਿਣਾ ਇਹ ਵੀ ਹੈ ਕਿ ਕੁਝ ਮਾਮਲੇ ਅਜਿਹੇ ਵੀ ਹਨ ਜਿਥੇ ਮਰੀਜ਼ਾਂ ਨੂੰ ਮ੍ਰਿਤਕ ਵੀ ਲਿਆਂਦਾ ਗਿਆ ਹੈ ਤੇ ਉਹ ਵੀ ਹਸਪਤਾਲ ਦੇ ਅਧਿਕਾਰਤ ਮ੍ਰਿਤਕ ਆਂਕੜਿਆਂ ਵਿਚ ਜੋੜੇ ਗਏ ਹਨ।
ਮੈਡੀਸਨ ਵਿਭਾਗ ਦੇ ਮੁਖੀ ਡਾ. ਆਰਪੀਐਸ ਸੀਬੀਆ ਨੇ ਕਿਹਾ ਕਿ “ਰਾਜਿੰਦਰਾ ਹਸਪਤਾਲ ਇਕ ਰੈਫ਼ਰਲ ਟੈਰਟਿਰੀ ਸਿਹਤ ਸੰਭਾਲ ਸੰਸਥਾ ਹੈ। ਇਸ ਲਈ, ਬਹੁਤ ਜਿਆਦਾ ਬਿਮਾਰ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਾਂਦਾ ਹੈ ਜਿਸ ਨਾਲ ਜ਼ਿਆਦਾ ਮੌਤਾਂ ਹੁੰਦੀਆਂ ਹਨ। ਇਸ ਤੋਂ ਇਲਾਵਾ, ਪਹਿਲੀ ਲਹਿਰ ਦੇ ਮੁਕਾਬਲੇ, ਦੂਜੀ ਲਹਿਰ ਵਿਚ ਬਿਮਾਰ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਵਧੇਰੇ ਹੈ। ਇਸ ਸਮੇਂ ਲਗਭਗ 240 ਮਰੀਜ਼, ਜੋ ਕਿ ਬਹੁਤ ਬਿਮਾਰ ਹਨ, ਦਾ ਇਲਾਜ ਚੱਲ ਰਿਹਾ ਹੈ। ”
ਹਸਪਤਾਲ ਦੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਹੋਈਆਂ ਬਹੁਤੀਆਂ ਮੌਤਾਂ ਦਾਖਲੇ ਦੇ ਪਹਿਲੇ 24 ਜਾਂ 48 ਘੰਟਿਆਂ ਵਿੱਚ ਹੀ ਹੋਈਆਂ ਹਨ, ਕਿਉਂਕਿ ਜ਼ਿਆਦਾਤਰ ਮਰੀਜ਼ ਦੀ ਹਾਲਤ ਸੀਰੀਅਸ ਹੋਣ ਉਤੇ ਹੀ ਹਸਪਤਾਲ ਲੈ ਕੇ ਆਉਂਦੇ ਹਨ।
ਪਿਛਲੇ ਹਫਤੇ, ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਵੀ ਕਿਹਾ ਸੀ ਕਿ ਜੇ ਗੰਭੀਰ ਮਰੀਜ਼ਾਂ ਦਾ ਦਾਖਲਾ ਵਧੇਰੇ ਹੁੰਦਾ, ਤਾਂ ਮੌਤ ਦੀ ਦਰ ਆਪਣੇ ਆਪ ਵਧੇਗੀ। ਹਸਪਤਾਲ ਵਿਚ ਨਿਰੰਤਰ ਆਕਸੀਜਨ ਸਪਲਾਈ, ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਵੈਂਟੀਲੇਟਰਾਂ ਦੀ ਉਪਲਬਧਤਾ ਦੇ ਮੱਦੇਨਜ਼ਰ ਮਾਹਰ ਕਹਿੰਦੇ ਹਨ ਕਿ ਇਸ ਤਰ੍ਹਾਂ ਮੌਤਾਂ ਦੀ ਗਿਣਤੀ ਵਧਨਾ ਸਭ ਨੂੰ ਹੈਰਾਨ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Patiala