Home /News /punjab /

ਲੋਕਾਂ ਦਾ ਕਾਂਗਰਸ ਪਾਰਟੀ 'ਚੋਂ ਵਿਸ਼ਵਾਸ ਮੁਕਿਆ, ਦੇਸ਼ ਭਰ ਵਿਚੋਂ ਹੋਈ ਖ਼ਤਮ: ਭਗਵੰਤ ਮਾਨ

ਲੋਕਾਂ ਦਾ ਕਾਂਗਰਸ ਪਾਰਟੀ 'ਚੋਂ ਵਿਸ਼ਵਾਸ ਮੁਕਿਆ, ਦੇਸ਼ ਭਰ ਵਿਚੋਂ ਹੋਈ ਖ਼ਤਮ: ਭਗਵੰਤ ਮਾਨ

  • Share this:

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਂਬਰ ਭਗਵੰਤ ਮਾਨ ਨੇ ਵੱਖ- ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਆਏ ਨਤੀਜਿਆਂ ਸੰਬੰਧੀ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਰ 'ਚੋ ਖ਼ਤਮ ਹੋ ਗਈ ਹੈ, ਕਿਉਂਕਿ ਹੁਣ ਦੇਸ਼ ਦੇ ਲੋਕਾਂ ਦਾ ਕਾਂਗਰਸ ਪਾਰਟੀ ਵਿੱਚ ਵਿਸ਼ਵਾਸ਼ ਹੀ ਨਹੀਂ ਰਿਹਾ। ਇਸ ਦੇ ਨਾਲ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਫੁੱਟ ਪਾਊ ਰਾਜਨੀਤੀ ਨੂੰ ਹਰਾ ਕੇ ਕਰਾਰਾ ਜਵਾਬ ਦਿੱਤਾ ਹੈ।

ਐਤਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੱਛਮੀ ਬੰਗਾਲ, ਕੇਰਲਾ, ਅਸਾਮ, ਪੁੱਡੂਚੇਰੀ ਅਤੇ ਤਾਮਿਲਨਾਡੂ ਰਾਜਾਂ ਦੀਆਂ ਵਿਧਾਨ ਸਭਾ ਚੋਣਾ ਦੇ ਆਏ ਨਤੀਜਿਆਂ ਤੋਂ ਪਤਾ ਲਗਦਾ ਕਿ ਦੇਸ਼ ਦੇ ਲੋਕ ਕਿਸੇ ਨਵੀਂ ਭਰੋਸੇਯੋਗ ਪਾਰਟੀ ਦੀ ਭਾਲ ਕਰ ਰਹੇ ਹਨ, ਕਿਉਂ ਕਿ ਇਨਾਂ ਰਾਜਾਂ ਦੇ ਲੋਕਾਂ ਨੇ ਜਿੱਥੇ ਕਾਂਗਰਸ ਪਾਰਟੀ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਹੈ, ਉਥੇ ਹੀ ਭਾਰਤੀ ਜਨਤਾ ਪਾਰਟੀ ਦੀ ਲੋਕਾਂ ਵਿੱਚ ਧਰਮ, ਜਾਤ ਅਤੇ ਭਾਸ਼ਾ ਦੇ ਨਾਂ 'ਤੇ ਫੁੱਟ ਪਾਉਣ ਵਾਲੀ ਰਾਜਨੀਤੀ ਨੂੰ ਕਰਾਰੀ ਹਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨਾਂ ਰਾਜਾਂ ਵਿੱਚ ਬੁਰੀ ਤਰ੍ਹਾਂ ਹਾਰ ਚੁੱਕੀ ਹੈ ਅਤੇ 2022 'ਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਵੀ ਕਾਂਗਰਸ ਪਾਰਟੀ ਦਾ ਮੁਕੰਮਲ ਸਫਾਇਆ ਹੋ ਜਾਵੇਗਾ, ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ।ਭਾਰਤੀ ਜਨਤਾ ਪਾਰਟੀ 'ਤੇ ਸਖ਼ਤ ਹਮਲਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਇਨਾਂ ਰਾਜਾਂ ਦੇ ਲੋਕਾਂ ਨੇ ਭਾਜਪਾ ਦੀ ਫੁੱਟ ਪਾਊ ਰਾਜਨੀਤੀ ਨੂੰ ਨਕਾਰ ਦਿੱਤਾ ਹੈ। ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਕਰਨ ਵਾਲੀ ਭਾਜਪਾ ਨੂੰ ਹਰਾ ਕੇ ਚੰਗਾ ਸਬਕ ਸਿਖਾਇਆ ਹੈ।

ਮਾਨ ਨੇ ਕਿਹਾ ਪੱਛਮੀ ਬੰਗਾਲ, ਕੇਰਲਾ ਸਮੇਤ ਹੋਰਨਾਂ ਰਾਜਾਂ ਦੇ ਨਤੀਜਿਆ ਪਤਾ ਲੱਗਦਾ ਦੇਸ਼ ਦੇ ਲੋਕਾਂ ਨੇ ਭਾਜਪਾ ਅਤੇ ਕਾਂਗਰਸ ਸਮੇਤ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਨੂੰ ਨਿਕਾਰ ਦਿੱਤਾ ਹੈ ਅਤੇ ਇਨਾਂ ਪਾਰਟੀਆਂ ਦੀ ਥਾਂ ਨਵੇ ਭਰੋਸੇਯੋਗ ਬਦਲ ਦੀ ਉਮੀਦ ਕਰ ਰਹੇ ਹਨ। ਪੰਜਾਬ ਦੇ ਲੋਕ ਵੀ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਦੀਆਂ ਲੋਕ ਮਾਰੂ ਅਤੇ ਕਿਸਾਨ ਤੇ ਮਜਦੂਰ ਵਿਰੋਧੀ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਰਾਜ ਦੇ ਲੋਕ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਇਨਾਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਭਾਜਪਾ ਗੱਠਜੋੜ ਅਤੇ ਕਾਂਗਰਸ ਪਾਰਟੀ ਨੂੰ ਰਾਜ ਦੇ ਵਿਕਾਸ ਲਈ ਕਈ ਵਾਰ ਸੱਤਾ ਸੌਂਪੀ ਹੈ,ਪਰ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸੱਤਾ ਵਿੱਚ ਆ ਪੰਜਾਬ ਦੇ ਲੋਕਾਂ ਨੂੰ ਧੋਖ਼ਾ ਹੀ ਦਿੱਤਾ ਹੈ। ਪੰਜਾਬ ਦੇ ਲੋਕ ਇਨਾਂ ਪਾਰਟੀਆਂ 'ਤੇ ਹੁਣ ਵਿਸ਼ਵਾਸ਼ ਨਹੀਂ ਕਰਦੇ, ਸਗੋਂ ਉਹ ਆਮ ਆਦਮੀ ਪਾਰਟੀ ਨੂੰ ਨਵੀਂ ਆਸ ਵਜੋਂ ਦੇਖ ਰਹੇ ਹਨ ਤਾਂ ਜੋ ਰਾਜ ਦੀ ਰਾਜਨੀਤੀ ਵਿੱਚ ਤਬਦੀਲੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਾਂਗਡੋਰ ਸੰਭਾਲ ਕੇ ਦੇਖ ਲਿਆ। ਜਿਸ ਨਾਲ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਉਨ੍ਹਾਂ ਕਿਹਾ ਜਿਵੇਂ ਪੱਛਮੀ ਬੰਗਾਲ ਅਤੇ ਹੋਰ ਰਾਜਾਂ ਦੇ ਲੋਕਾਂ ਨੇ ਭਾਜਪਾ, ਕਾਂਗਰਸ ਅਤੇ ਹੋਰ ਰਵਾਇਤੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ, ਉਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਕਾਂਗਰਸ ਨੂੰ ਵੀ ਸੱਤਾ ਤੋਂ ਬਾਹਰ ਕਰਨਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਰਾਜ 'ਚ ਸੱਤਾ ਤਬਦੀਲੀ ਦਾ ਆਗਾਜ ਕਰਨਗੇ।

Published by:Ashish Sharma
First published:

Tags: AAP Punjab, Bhagwant Mann, Punjab politics