ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ (ਪੀ.ਐਸ.ਪੀ.ਸੀ.ਐਲ.) ਨੂੰ 8 ਮਈ ਤੋਂ ਸੂਬਾ ਭਰ ਵਿੱਚ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਸਾਰੇ 515 ਕੈਸ਼ ਕੁਲੈਕਸ਼ਨ ਸੈਂਟਰ ਖਪਤਕਾਰਾਂ ਦੇ ਬਿੱਲ ਜਮਾਂ ਕਰਵਾਉਣ ਲਈ ਚਲਾਉਣ ਦੇ ਹੁਕਮ ਦਿੱਤੇ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਖਿਆ।
ਸੂਬਾ ਸਰਕਾਰ ਵੱਲੋਂ ਗਠਿਤ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਪੀ.ਐਸ.ਪੀ.ਸੀ.ਐਲ. ਵੱਲੋਂ ਕੰਮ ਸ਼ੁਰੂ ਲਈ ਤਿਆਰ ਕੀਤੀ ਵਿਸਥਾਰਤ ਰਣਨੀਤੀ ਨੂੰ ਪ੍ਰਵਾਨਗੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਜਿਨਾਂ ਕੋਲ ਬਿਜਲੀ ਦਾ ਮਹਿਕਮਾ ਵੀ ਹੈ, ਨੇ ਮੀਟਰ ਰੀਡਰਾਂ ਨੂੰ ਮੀਟਰਾਂ ’ਤੇ ਯੂਨਿਟਾਂ ਦੀ ਖਪਤ ਬਾਰੇ ਸੂਚਨਾ ਇਕੱਤਰ ਕਰਨ (ਮੀਟਰ ਰੀਡਿੰਗ) ਦਾ ਕਾਰਜ ਬਹਾਲ ਕਰਨ ਲਈ ਆਖਿਆ ਤਾਂ ਕਿ ਬਿਜਲੀ ਬਿੱਲਾਂ ਬਾਰੇ ਸ਼ਿਕਾਇਤਾਂ ਦੀ ਗਿਣਤੀ ਘਟਾਉਣ ਲਈ ਖਪਤਕਾਰਾਂ ਨੂੰ ਯੂਨਿਟਾਂ ਦੀ ਖਪਤ ਦੇ ਅਨੁਕੂਲ ਬਿੱਲ ਦੇਣਾ ਯਕੀਨੀ ਬਣਾਇਆ ਜਾ ਸਕੇ। ਸਾਰੇ ਮੀਟਰ ਰੀਡਰਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਕਾਇਮ ਲਈ ਆਖਿਆ ਗਿਆ ਹੈ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨੁਕਸਦਾਰ ਮੀਟਰਾਂ ਨੂੰ ਬਦਲਣ ਤੋਂ ਇਲਾਵਾ ਲੋੜ ਮੁਤਾਬਕ ਮੀਟਰ ਤੇ ਜ਼ਰੂਰੀ ਸਾਮਾਨ ਦੀ ਪੂਰਤੀ ਲਈ ਸਟੋਰਾਂ ਅਤੇ ਮੀਟਰਿੰਗ ਲੈਬਾਂ ਸਮੇਤ ਹੋਰ ਸਰਗਰਮੀਆਂ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ। ਇਸ ਤਰਾਂ ਨੁਕਸਦਾਰ ਮੀਟਰਾਂ ਨੂੰ ਬਦਲਣ ਨਾਲ ਇਸ ਬਾਰੇ ਸ਼ਿਕਾਇਤਾਂ ਵਿੱਚ ਕਮੀ ਆਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਮੁੱਖ ਸਕੱਤਰ ਬਿਜਲੀ ਸ੍ਰੀ ਏ.ਵੇਣੂੰ ਪ੍ਰਸਾਦ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਲਈ ਹਦਾਇਤਾਂ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਪਾਵਰਕਾਮ ਨੂੰ ਇਨਾਂ ਗਤੀਵਿਧੀਆਂ ਨੂੰ ਸੁਚਾਰੂ ਰੂਪ ਵਿੱਚ ਅਮਲ ਵਿੱਚ ਲਿਆਉਣ ਲਈ ਲੋੜੀਂਦੀ ਸਹਾਇਤਾ ਅਤੇ ਸਹਿਯੋਗ ਮਿਲ ਸਕੇ।
ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਪਾਸੋਂ ਸਥਾਨਕ ਪੱਧਰ ‘ਤੇ ਸਹਿਯੋਗ ਮੁਹੱਈਆ ਕਰਵਾਏ ਜਾਣ ਲਈ ਵੀ ਆਖਿਆ ਗਿਆ ਤਾਂ ਜੋ ਕੈਸ਼ ਕਾਊਂਟਰਾਂ ਉਪਰ ਭੀੜ ਜਮਾਂ ਹੋਣ ਤੋਂ ਰੋਕਿਆ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Captain Amarinder Singh, Coronavirus, COVID-19, Electricity Bill