
'ਕੇਂਦਰ ਦੇ ਵਿਸ਼ਵਾਸ਼ਘਾਤ ਵਿਰੁੱਧ 31 ਜਨਵਰੀ ਨੂੰ ਪੁਤਲਾ ਫੂਕ ਮੁਜ਼ਾਹਰਿਆਂ ਦੀ ਤਿਆਰੀ ਮੁਹਿੰਮ ਸ਼ੁਰੂ'
ਆਸ਼ੀਸ਼ ਸ਼ਰਮਾ
ਬਰਨਾਲਾ: ਅੱਜ ਇੱਥੇ ਤਰਕਸ਼ੀਲ ਭਵਨ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਮੀਟਿੰਗ ਵਿੱਚ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਵਿਰੁੱਧ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ 31 ਜਨਵਰੀ ਨੂੰ ਜ਼ਿਲ੍ਹਾ ਕੇਂਦਰਾਂ ਤੇ ਪੁਤਲਾ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਪੂਰੇ ਜ਼ੋਰ ਨਾਲ ਲਾਗੂ ਕਰਨ ਦੀ ਵਿਉਂਤਬੰਦੀ ਉਲੀਕੀ ਗਈ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਤਿਆਰੀ ਮੁਹਿੰਮ ਦੌਰਾਨ ਪਿੰਡ ਪਿੰਡ ਮੀਟਿੰਗਾਂ, ਰੈਲੀਆਂ ਨੁੱਕੜ ਨਾਟਕ ਆਦਿ ਦੇ ਜਨਤਕ ਇਕੱਠਾਂ ਰਾਹੀਂ ਵਿਆਪਕ ਲਾਮਬੰਦੀਆਂ ਕੀਤੀਆਂ ਜਾਣਗੀਆਂ। ਸਵਾ ਸਾਲ ਤੋਂ ਵੱਧ ਚੱਲੇ ਜਾਨਹੂਲਵੇਂ ਘੋਲ਼ ਦੇ ਬਲਬੂਤੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਮੌਕੇ ਮੋਦੀ ਸਰਕਾਰ ਵੱਲੋਂ ਦਿੱਤੇ ਗਏ ਲਿਖਤੀ ਭਰੋਸੇ 15 ਜਨਵਰੀ ਤੱਕ ਲਾਗੂ ਕਰਨ ਤੋਂ ਲਗਾਤਾਰ ਟਾਲਮਟੋਲ ਵਾਲਾ ਕਿਸਾਨ ਵਿਰੋਧੀ ਵਤੀਰਾ ਨੰਗਾ ਕੀਤਾ ਜਾਵੇਗਾ।
ਇਨ੍ਹਾਂ ਭਰੋਸਿਆਂ ਵਿਚ ਸਾਰੀਆਂ ਫ਼ਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਉਤੇ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਦੇਣ, ਲਖੀਮਪੁਰ ਖੀਰੀ ਕਿਸਾਨਾਂ ਦੇ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਮੁੱਖ ਸਾਜ਼ਿਸ਼ ਘਾੜੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ, ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਵਿਰੁੱਧ ਦਿੱਲੀ, ਚੰਡੀਗੜ੍ਹ, ਯੂ ਪੀ, ਹਰਿਆਣਾ ਸਮੇਤ ਹੋਰ ਰਾਜਾਂ ਵਿੱਚ ਮੜ੍ਹੇ ਸਾਰੇ ਪੁਲਿਸ ਕੇਸ ਰੱਦ ਕਰਨ, ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਤੇ 1-1 ਪੱਕੀ ਸਰਕਾਰੀ ਨੌਕਰੀ ਦੇਣ ਅਤੇ ਬਿਜਲੀ ਬਿੱਲ 2020 ਵਿੱਚ ਕਿਸਾਨ ਮਜ਼ਦੂਰ ਪੱਖੀ ਸੋਧਾਂ ਕਰਨ ਵਰਗੇ ਲਿਖਤੀ ਭਰੋਸੇ ਸ਼ਾਮਲ ਹਨ।
ਇਸ ਤੋਂ ਇਲਾਵਾ ਵੋਟਾਂ ਦੇ ਰਾਮ ਰੌਲੇ ਅੰਦਰ ਕਿਸਾਨਾਂ ਮਜਦੂਰਾਂ ਦੇ ਅਹਿਮ ਬੁਨਿਆਦੀ ਮੁੱਦੇ ਰੋਲਣ ਤੋਂ ਬਚਾਉਣ ਅਤੇ ਇਨ੍ਹਾਂ ਮੁੱਦਿਆਂ ਦੇ ਪੱਕੇ ਹੱਲ ਖਾਤਰ ਜਾਨਹੂਲਵੇਂ ਸੰਘਰਸ਼ਾਂ ਦਾ ਸਿੱਕੇਬੰਦ ਰਾਹ ਉਭਾਰਨ ਪ੍ਰਚਾਰਨ ਦੀ ਮੁਹਿੰਮ ਵੀ ਚਲਾਈ ਜਾਵੇਗੀ। ਵੋਟ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਆਉਣ 'ਤੇ ਸਵਾਲ ਪੁੱਛੇ ਜਾਣਗੇ ਅਤੇ ਇਸ ਸਬੰਧੀ ਹਰ ਸਥਾਪਤ ਸਿਆਸੀ ਪਾਰਟੀ ਲਈ ਲਿਖਤੀ ਸਵਾਲਨਾਮੇ ਤਿਆਰ ਕੀਤੇ ਜਾਣਗੇ।
ਲੋਕ ਮੋਰਚਾ ਪੰਜਾਬ ਦੁਆਰਾ ਗਠਿਤ ਇਨਕਲਾਬੀ ਬਦਲ ਉਸਾਰੋ ਮੁਹਿੰਮ ਦੌਰਾਨ 26 ਜਨਵਰੀ ਤੋਂ 6 ਫਰਵਰੀ ਤੱਕ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਜਥੇਬੰਦੀ ਦੇ ਸਰਗਰਮ ਕਾਰਕੁਨਾਂ ਦੀ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੀ ਜਾਗ੍ਰਤੀ ਅਤੇ ਚੇਤੰਨਤਾ ਵਿੱਚ ਵਾਧਾ ਕੀਤਾ ਜਾਵੇਗਾ। ਸੰਯੁਕਤ ਸਮਾਜ ਮੋਰਚੇ ਨਾਲੋਂ ਸਪਸ਼ਟ ਨਿਖੇੜਾ ਕਰਦਿਆਂ ਕਿਸੇ ਵੀ ਸਿਆਸੀ ਧਿਰ ਦੀ ਚੋਣ ਮੁਹਿੰਮ ਤੋਂ ਪਾਸੇ ਰਹਿਣ ਅਤੇ 700 ਤੋਂ ਵੱਧ ਸ਼ਹੀਦਾਂ ਦੇ ਲਹੂ ਭਿੱਜੇ ਲੰਬੇ ਘੋਲ਼ ਰਾਹੀਂ ਹਾਸਲ ਕੀਤੀ ਵੱਖ-ਵੱਖ ਧਰਮਾਂ/ ਜਾਤਾਂ ਦੇ ਲੋਕਾਂ ਦੀ ਵਿਸ਼ਾਲ ਏਕਤਾ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਉਣ ਦਾ ਹੋਕਾ ਬੁਲੰਦ ਕੀਤਾ ਜਾਵੇਗਾ।
ਸਾਮਰਾਜੀ ਕਾਰਪੋਰੇਟ ਘਰਾਣਿਆਂ ਤੇ ਜਗੀਰਦਾਰਾਂ ਸੂਦਖੋਰਾਂ ਦੇ ਲੋਟੂ ਗੱਠਜੋੜ ਦੀਆਂ ਨਿੱਜੀਕਰਨ, ਸੰਸਾਰੀਕਰਨ ਉਦਾਰੀਕਰਨ ਦੀਆਂ ਨੀਤੀਆਂ ਵਿਰੁੱਧ ਹੋਰ ਵੀ ਸਖ਼ਤ ਜਾਨ ਤੇ ਲੰਬੇ ਘੋਲ਼ਾਂ ਲਈ ਹੋਰ ਵੀ ਪੀਡੇ ਕਮਰਕੱਸੇ ਕੱਸ ਕੇ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੇ ਸਾਂਝੇ ਘੋਲ਼ ਉਸਾਰਨ ਦਾ ਮਹੌਲ ਬੰਨ੍ਹਿਆ ਜਾਵੇਗਾ। ਮੀਟਿੰਗ ਵਿੱਚ ਸੂਬਾਈ ਅਹੁਦੇਦਾਰਾਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਰੂਪ ਸਿੰਘ ਛੰਨਾਂ ,ਜਗਤਾਰ ਸਿੰਘ ਕਾਲਾਝਾੜ ਅਤੇ ਕਮਲਜੀਤ ਕੌਰ ਬਰਨਾਲਾ ਸਮੇਤ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਹਾਜ਼ਰ ਸਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।