ਮੁਕਤਸਰ ਸਾਹਿਬ- ਅੱਜ ਸਵੇਰੇ ਨਿਊਜ਼ 18 ਦੇ ਪੱਤਰਕਾਰ ਸੂਰਜ ਭਾਨ ਨੂੰ ਇਕ ਫੋਨ ਆਇਆ ਵਿਅਕਤੀ ਬੋਲਿਆ ਮੈਂ ਜਸਦੇਵ ਸਿੰਘ ਜੱਸੀ ਮਾਨਸਾ' ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚੋਂ ਬੋਲ ਰਿਹਾ ਹਾਂ ਤੁਸੀਂ ਮੇਰਾ ਫੋਨ ਰਿਕਾਰਡ ਕਰ ਲਓ। ਮੈਂ ਆਪਣੇ ਉੱਪਰ ਦਰਜ 307 ਦੇ ਮੁਕੱਦਮੇ ਤਹਿਤ ਬੰਦ ਹਾਂ।
ਜਸਦੇਵ ਸਿੰਘ ਜੱਸੀ ਨੇ ਦੱਸਿਆ ਕਿ ਜਿੰਨੇ ਵੀ ਗੈਂਗਸਟਰ ਜੇਲ੍ਹ ਵਿੱਚ ਬੰਦ ਹਨ ਉਨ੍ਹਾਂ ਨੂੰ ਜੇਲ੍ਹਾਂ ਦੀਆਂ ਚੱਕੀਆਂ ਵਿੱਚੋਂ ਬਾਹਰ ਕੱਢਿਆ ਹੋਇਆ ਹੈ ਜਦੋਂ ਕਿ ਸਾਡੇ ਵਰਗੇ ਮਮੂਲੀ ਅਪਰਾਧੀਆਂ ਨੂੰ ਚੱਕੀਆਂ ਵਿੱਚ ਬੰਦ ਕਰ ਦਿੱਤਾ ਹੈ, ਜਿਹੜੇ ਕੈਦੀ ਜਾਂ ਹਵਾਲਾਤੀ ਪੈਸੇ ਦਿੰਦੇ ਹਨ ਉਨ੍ਹਾਂ ਨੂੰ ਹਰ ਸਹੂਲਤ ਮਿਲਦੀ ਹੈ । ਜੱਸੀ ਨੇ ਖੁਲਾਸਾ ਕੀਤਾ ਕਿ ਜੇਲ੍ਹ ਦੇ ਪ੍ਰਬੰਧਕ 15 ਤੋਂ 20 ਹਜ਼ਾਰ ਰੁਪਏ ਲੈ ਕੇ ਹਰ ਸਹੂਲਤ ਦਿੰਦੇ ਹਨ ।ਉਨ੍ਹਾਂ ਦੱਸਿਆ ਕਿ ਰਘੂ ਅਤੇ ਬੰਟੀ ਨੂੰ ਪੈਸੇ ਦੇ ਕੇ ਚੱਕੀ ਤੋਂ ਬਾਹਰ ਕੱਢ ਦਿੱਤਾ ਹਾਲਾਂਕਿ ਜੇਲ੍ਹ ਵਿੱਚ ਕੈਮਰੇ ਵੀ ਲੱਗੇ ਹੋਏ ਹਨ। ਜੇਕਰ ਮੇਰੀ ਗੱਲ ਗਲਤ ਹੈ ਤਾਂ ਉਹ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਸਕਦੀ ਹੈ । ਜੱਸੀ ਨੇ ਦੋਸ਼ ਲਾਏ ਕਿ ਜੇਲ੍ਹ ਵਿੱਚ ਨਸ਼ਾ ਅਤੇ ਮੋਬਾਇਲ ਆਰਾਮ ਨਾਲ ਮਿਲ ਜਾਂਦੇ ਹਨ ਪਰ ਸਿਰਫ਼ ਪੈਸੇ ਦੇਣੇ ਪੈਣਗੇ। ਜਸਦੇਵ ਸਿੰਘ ਜੱਸੀ ਨੇ ਖੁਲਾਸਾ ਕੀਤਾ ਕਿ ਤਰਸੇਮ ਨਾਮ ਦਾ ਇਕ ਸਹਾਇਕ ਡਿਪਟੀ ਹੈ ਜੋ ਪੂਰੀ ਜੇਲ੍ਹ ਤੋਂ ਪੈਸੇ ਇਕੱਠੇ ਕਰਦਾ ਹੈ ਅਤੇ ਉਹੀ ਸਾਰਾ ਗੋਰਖ ਧੰਦਾ ਚਲਾਉਂਦਾ ਹੈ, ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਮੇਰੀ ਕੁੱਟਮਾਰ ਹੋਈ ਤੇ ਮੈਨੂੰ ਚੱਕੀਆਂ ਵਿੱਚ ਬੰਦ ਕਰ ਦਿੱਤਾ ।
ਜਸਦੇਵ ਸਿੰਘ ਜੱਸੀ ਨੇ ਖੁਲਾਸਾ ਕੀਤਾ ਕਿ ਉਸ ਵੱਲੋਂ ਇਕ ਦਰਖਾਸਤ ਲਿਖ ਕੇ ਆਪਣੇ ਘਰ ਵਾਲਿਆਂ ਨੂੰ ਭੇਜੀ ਹੈ ਜੋ ਕੋਰਟ ਵਿਚ ਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੇਰਾ ਨਾਮ ਜਸਦੇਵ ਸਿੰਘ ਜੱਸੀ ਹੈ ਪਿਤਾ ਦਾ ਨਾਮ ਰਾਮ ਪ੍ਰਤਾਪ ਅਤੇ ਮਾਨਸਾ ਦਾ ਰਹਿਣ ਵਾਲਾ ਹਾਂ। ਜਸਦੇਵ ਸਿੰਘ ਜੱਸੀ ਨੇ ਕਿਹਾ ਹੈ ਕਿ ਜੇਲ੍ਹ ਵਿੱਚ ਬੰਦ ਨਾਮੀ ਗੈਂਗਸਟਰਾਂ ਨੂੰ ਹਰ ਸਹੂਲਤ ਮਿਲਦੀ ਹੈ ਤੇ ਉਹ ਸਾਰੇ ਕੈਦੀਆਂ ਤੇ ਹਵਾਲਾਤੀਆਂ ਨੂੰ ਬੈਰਕਾਂ ਵਿਚ ਬੰਦ ਕਰਨ ਦੇ ਬਾਵਜੂਦ ਵੀ ਡਿਉਢੀ ਵਿੱਚ ਬੈਠੇ ਰਹਿੰਦੇ ਹਨ ਅਤੇ ਆਪਣੀ ਮਰਜ਼ੀ ਨਾਲ ਅੰਦਰ ਜਾਂਦੇ ਹਨ । ਜਸਦੇਵ ਸਿੰਘ ਨੇ ਇਸ ਸਬੰਧੀ ਪੰਜਾਬ ਸਰਕਾਰ ਅਤੇ ਸਰਕਾਰ ਤੋਂ ਧਿਆਨ ਦੇਣ ਦੀ ਮੰਗ ਕੀਤੀ ਹੈ ।
ਇਸ ਮਾਮਲੇ ਸਬੰਧੀ ਜਦੋਂ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਫੋਨ ਕਰਨ ਵਾਲਾ ਖ਼ੁਦ ਸੀ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਅਸੀਂ ਕਿਸੇ ਵੀ ਗੈਂਗਸਟਰ ਨੂੰ ਕੋਈ ਵੀ ਵੀਆਈਪੀ ਸਹੂਲਤ ਨਹੀਂ ਦੇ ਰਹੇ। ਇਹ ਘਟੀਆ ਕਿਸਮ ਦਾ ਇਨਸਾਨ ਹੈ ਬਾਕੀ ਜੇ ਅਸੀਂ ਕੋਈ ਗਲਤੀ ਕੀਤੀ ਹੈ ਤਾਂ ਸਰਕਾਰ ਉਸ ਦੀ ਜਾਂਚ ਕਰਵਾਵੇ ਅਸੀਂ ਈਮਾਨਦਾਰੀ ਨਾਲ ਡਿਊਟੀ ਕਰ ਰਹੇ ਹਾਂ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gangster, Jail, Muktsar, Punjab Police