ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਇਸ ਸੀਜਨ ਵਿੱਚ ਕਣਕ ਦਾ ਝਾੜ ਬਹੁਤ ਘੱਟ ਨਿਕਲਣ `ਤੇ ਕਿਸਾਨਾਂ ਨੂੰ ਪੈ ਰਹੇ ਆਰਥਿਕ ਘਾਟੇ ਦੀ ਭਰਪਾਈ ਲਈ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਹੈ।
ਜਾਰੀ ਬਿਆਨ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਸੀਜਨ ਕਣਕ ਦੀ ਝਾੜ ਬਹੁਤ ਘਟ ਨਿਕਲਣ ਕਾਰਨ ਕਿਸਾਨ ਬਹੁਤ ਚਿੰਤਤ ਹਨ। ਕਣਕ ਦੀ ਬਿਜਾਈ ਤੋਂ ਬਾਅਦ ਲਗਾਤਾਰ ਕਈਂ ਦਿਨ ਹੋਈ ਬਾਰਿਸ਼ ਤੇ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਕਣਕ ਦਾ ਝਾੜ ਪਿਛਲੇ ਸੀਜਨ ਨਾਲੋਂ ਤੀਹ ਤੋਂ ਚਾਲੀ ਪ੍ਰਤੀਸ਼ਤ ਘੱਟ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਹ ਕੁਇੰਟਲ ਪ੍ਰਤੀ ਏਕੜ ਦੇ ਕਰੀਬ ਨਿਕਲਣ ਵਾਲੀ ਕਣਕ ਮਹਿਜ਼ ਬਾਰਾਂ ਤੋਂ ਚੌਦਾਂ ਕੁਇੰਟਲ ਪ੍ਰਤੀ ਏਕੜ ਹੀ ਨਿਕਲ ਰਹੀ ਹੈ। ਜਿਸ ਕਾਰਨ ਅੰਨਦਾਤੇ ਦੀਆਂ ਉਮੀਦਾਂ `ਤੇ ਪਾਣੀ ਫਿਰ ਗਿਆ ਹੈ ਅਤੇ ਇਨ੍ਹੀ ਕੁ ਆਮਦਨ ਨਾਲ ਤਾਂ ਕਿਸਾਨਾਂ ਦੀ ਫਸਲ `ਤੇ ਲੱਗੀ ਲਾਗਤ ਵੀ ਪੂਰੀ ਨਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦੇ ਸਿ਼ਕਾਰ ਕਿਸਾਨਾਂ ਨੂੰ ਘੱਟ ਝਾੜ ਨੇ ਲੱਕ ਤੋੜਵੀਂ ਸੱਟ ਮਾਰੀ ਹੈ। ਕੁਦਰਤੀ ਆਫ਼ਤ ਦੀ ਸਭ ਤੋਂ ਵਧ ਮਾਰ ਠੇਕੇ `ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਪਈ ਹੈ ਕਿਉਂਕਿ ਉਨ੍ਹਾਂ ਦੇ ਤਾਂ ਠੇਕੇ ਦੇ ਪੈਸੇ ਵੀ ਪੂਰੇ ਨਹੀ ਹੋ ਰਹੇ ਹਨ ਅਤੇ ਜਦਕਿ ਬਾਕੀ ਖਰਚੇ ਅਲੱਗ ਰਹਿ ਜਾਂਦੇ ਹਨ।
ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਨਦਾਤੇ ਨੂੰ ਪੈਣ ਵਾਲੇ ਆਰਥਿਕ ਘਾਟੇ ਦੀ ਪੂਰਤੀ ਲਈ ਘੱਟੋ-ਘੱਟ ਪੰਜ ਸੌ ਰੁਪਏ ਪ੍ਰਤੀ ਕੁਅੰਇਟਲ ਬੋਨਸ ਦਿੱਤਾ ਜਾਵੇ ਤਾਂ ਕਿ ਤਬਾਹੀ ਕਿਨਾਰੇ ਜਾ ਪਹੁੰਚੀ ਕਿਸਾਨੀ ਨੂੰ ਬਚਾਇਆ ਜਾ ਸਕੇ। ਢੀਂਡਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ `ਤੇ ਵੀ ਜ਼ੋਰ ਪਾਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Parminder dhindsa, Parminder Singh Dhindsa, Punjab government