ਚੰਡੀਗੜ੍ਹ- ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਲ 2023-24 ਦਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ ਪੰਜਾਬ ਦਾ ਵਿੱਤੀ ਸਾਲ 2023-24 ਦਾ ਬਜਟ 1,96,462 ਕਰੋੜ ਰੁਪਏ ਹੈ, ਜੋ ਕਿ ਪਿਛਲੇ ਸਾਲ ਨਾਲੋਂ 26 ਫੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਕੁੱਲ ਰਾਜ ਘਰੇਲੂ ਉਤਪਾਦ (ਜੀ.ਐਸ.ਡੀ.ਪੀ.) 6,98,635 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਚੀਮਾ ਨੇ ਕਿਹਾ ਕਿ ਮੈਂ ਆਪਣੇ ਪਿਛਲੇ ਬਜਟ ਵਿੱਚ ਵਸੀਲੇ ਵਧਾਉਣ ਦਾ ਵਾਅਦਾ ਕੀਤਾ ਸੀ। ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਇਸ ਵਾਰ ਪੂਰਾ ਨਹੀਂ ਹੋਇਆ। ਉਧਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੀਆਂ ਗਾਰੰਟੀਆਂ ਪੂਰੀਆਂ ਕਰੇਗੀ।
ਸਾਬਕਾ ਖਜਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਬਾਰੇ ਗੱਲ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦਾ ਬਜਟ ਨਾ ਉਮੀਦੀ ਵਾਲਾ ਹੈ। ਇਸ ਵਿਚ ਗੱਲਾਂ ਜ਼ਿਆਦਾ ਤੇ ਕੰਮ ਘੱਟ ਹੈ। ਉਨ੍ਹਾਂ ਕਿਹਾ ਕਿ ਜਿਵੇਂ ਬਜਟ ਦੀ ਸ਼ੁਰੂਆਤ ਹੋਈ ਇੱਕ ਪੰਜਾਬੀ ਵੈਸਾ ਕਦੇ ਨਹੀਂ ਕਰਦੀ, ਇੱਕ ਪਾਣੀ ਦਾ ਗਿਲਾਸ ਵੀ ਕੋਈ ਪਿਲਾ ਦੇਵੇ ਪੰਜਾਬੀ ਤਾਂ ਵੀ ਸ਼ੁਕਰਗੁਜ਼ਾਰ ਹੁੰਦਾ ਹੈ। ਉਨ੍ਹਾਂ ਕਿਹਾ ਜਿਹੜੇ ਬੱਚੇ ਬੇਰੁਜ਼ਗਾਰ ਹਨ, ਉਹ ਅਤੇ ਉਨ੍ਹਾਂ ਮਾਪੇ ਬੱਚਿਆਂ ਨੂੰ ਜ਼ਰੂਰ ਸੁਣ ਰਹੇ ਹੋਣਗੇ। ਹਰ ਕੋਈ ਆਪਣੀ ਉਮੀਦ ਨਾਲ ਇਸ ਬਜਟ ਨੂੰ ਸੁਣ ਰਿਹਾ ਸੀ।ਇਸ ਬਜਟ ਤੋਂ ਮਹਿੰਗਾਈ ਖਤਮ ਹੋਣ ਦੀ ਉਮੀਦ ਸੀ। 1 ਸਾਲ ਪਹਿਲਾਂ ਵੱਡੀ ਉਮੀਦ ਨਾਲ ਸਰਕਾਰ ਬਣਾਈ ਗਈ ਸੀ ਅਤੇ ਬਦਲਾਅ ਦਾ ਦਾਅਵਾ ਕੀਤਾ ਗਿਆ ਸੀ।
ਬਜਟ ਬਾਰੇ ਗੱਲ ਕਰਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਇਸ ਗੱਲ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸ਼ਰਾਬ ਆਬਕਾਰੀ ਘੁਟਾਲੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਜਟ ਬਾਰੇ ਚੁਟਕੀ ਲੈਂਦਿਆ ਕਿਹਾ ਕਿ ਸਰਕਾਰ ਦਾ ਹਾਲ ਤਾਂ ਇਹ ਕਿ ਪੱਲੇ ਨੀਂ ਧੇਲਾ ਤੇ ਕਰਦੀ ਮੇਲਾ ਮੇਲਾ। ਉਨ੍ਹਾਂ ਕਿਹਾ ਕਿ ਚੁਟਕੀ ਵਜਾ ਕੇ ਐਮਐਸਪੀ ਦੇਣ ਵਾਲੀ ਪੰਜਾਬ ਸਰਕਾਰ ਅੱਜ ਕਿਸਾਨ ਨੂੰ ਕਿਵੇਂ ਭੁੱਲ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਸਿਰਫ ਉਡਕਦੀਆਂ ਹੀ ਰਹਿ ਗਈਆਂ ਹਨ। ਇਸ ਬਜਟ ਤੋਂ ਤਾਂ ਪਹਿਲਾਂ ਹੀ ਕੋਈ ਉਮੀਦ ਨਹੀਂ ਸੀ। ਇਹ ਬਜਟ ਪੂਰੀ ਤਰ੍ਹਾਂ ਨਾਲ ਨਿਰਾਸ਼ ਕਰਨ ਵਾਲਾ ਸੀ।
ਬਜਟ ਬਾਰੇ ਗੱਲ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮਾਨ ਸਰਕਾਰ ਦੇ ਦੂਜੇ ਬਜਟ ਵਿੱਚ ਵੀ ਲੋਕਾਂ ਨਾਲ ਕੀਤੇ ਵਾਅਦੇ ਸਾਰੇ ਗਾਇਬ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਇਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਨਹੀਂ ਰੱਖਿਆ ਗਿਆ ਅਤੇ ਪਰ ਸੂਬਾ ਸਰਕਾਰ ਨੇ ਹੋਰ ਚਾਰ ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕਰ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਖੋਖਲਾ ਬਜਟ ਸਿਰਫ ਲੋਕਾਂ ਦਾ ਸਮਾਂ ਬਰਬਾਦ ਕਰਨ ਲਈ ਪੇਸ਼ ਕੀਤਾ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਜਟ ਬਾਰੇ ਗੱਲ ਕਰਦਿਆਂ ਨੇ ਕਿਹਾ ਕਿ ਇਹ ਬਜਟ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਸਭ ਤੋਂ ਛੋਟਾ ਬਜਟ ਹੈ। ਵਿਧਾਨ ਸਭਾ ਵਿੱਚ ਸਪੀਕਰ ਦਾ ਵਤੀਰਾ ਤੀਜੇ ਦਰਜੇ ਦਾ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਉਤੇ ਤੰਜ ਕਸਦਿਆਂ ਕਿਹਾ ਕਿ ਜਿਹੜੇ ਕਹਿੰਦੇ ਸਨ ਕਿ ਅਸੀਂ ਪੰਜਾਬ ਦੇ ਸਿਰ ਤੋਂ ਕਰਜ਼ਾ ਉਤਾਰ ਦੇਵਾਂਗੇ, ਉਹ ਸਭ ਤੋਂ ਵੱਧ ਕਰਜ਼ਾ ਚੁਕਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amarinder Raja Warring, Ashwani Sharma, CM Bhagwant mann, Harpal Singh Cheema, Manpreet Badal, Punjab Congress