ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਕਿਸਾਨਾਂ ਲਈ ਬੇਹੱਦ ਨਿਰਾਸ਼ਾਜਨਕ ਤੇ ਪੰਜਾਬ ਦੇ ਖੇਤੀ ਸੰਕਟ ਨੂੰ ਹੱਲ ਕਰਨ ਦੀ ਬਜਾਇ ਇਸ ਨੂੰ ਗਹਿਰਾ ਕਰਨ ਵਾਲਾ ਕਰਾਰ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕੇ ਪੰਜਾਬ ਦੀ ਕਿਸਾਨੀ ਸਿਰ ਇੱਕ ਲੱਖ ਕਰੋੜ ਤੋ ਓੁੱਪਰ ਕਰਜਾ ਹੈ, ਪਰ ਸਰਕਾਰ ਨੇ ਕਰਜ ਮੁਆਫ਼ੀ ਲਈ ਇੱਕ ਵੀ ਧੇਲਾ ਨਹੀ ਰੱਖਿਆ।
ਇਸ ਕਰਕੇ ਕਿਸਾਨੀ ਸੰਕਟ ਦੇ ਹੱਲ ਦੀ ਆਸ ਇਸ ਸਰਕਾਰ ਨੇ ਖਤਮ ਕਰ ਦਿੱਤੀ ਹੈ। ਕਿਸਾਨੀ ਲਈ 11560 ਕਰੋੜ ਰੁਪਏ ਰੱਖੇ ਹਨ ਜਿਸ ਵਿੱਚ 6947 ਕਰੋੜ ਸਿਰਫ ਖੇਤੀ ਬਿਜਲੀ ਲਈ ਸਬਸਿਡੀ ਹੈ। ਜਿਸ ਵਿੱਚ ਕੁਝ ਨਵਾਂ ਨਹੀਂ ਹੈ। ਕੀ ਬਾਕੀ ਬਚਦੀ ਇੰਨੀ ਮਾਮੂਲੀ ਰਾਸ਼ੀ ਨਾਲ ਕਿਸਾਨਾਂ ਦਾ ਲਾਭ ਹੋਵੇਗਾ?
ਉਨ੍ਹਾਂ ਕਿਹਾ ਕੇ ਮਾਨ ਸਰਕਾਰ ਨੇ ਫਸਲੀ ਵਿਭਿੰਨਤਾ ਲਾਗੂ ਕਰਨ ਤੇ ਮੱਕੀ, ਬਾਸਮਤੀ ਖਰੀਦਣ ਦੀ ਗੱਲ ਕਹੀ ਸੀ। ਮੱਕੀ ਹੇਠ ਇਸ ਵਾਰ ਬਹੁਤ ਸਾਰਾ ਰਕਬਾ ਹੈ ਤੇ ਬਾਸਮਤੀ ਹੇਠ ਵੀ ਕਾਫੀ ਰਕਬਾ ਵਧੇਗਾ। ਪਰ ਪੰਜਾਬ ਸਰਕਾਰ ਦਾ ਬਜਟ ਇਹਨਾਂ ਫਸਲਾਂ ਦੀ ਖਰੀਦ ਬਾਰੇ ਬਿਲਕੁਲ ਚੁੱਪ ਹੈ। ਮੂੰਗੀ ਦੀ ਖਰੀਦ ਦੇ ਦਾਅਵੇ ਬਜਟ ਵਿੱਚ ਕੀਤੇ ਗਏ, ਜੋ ਜਮੀਨੀ ਹਕੀਕਤ ਤੋ ਉਲਟ ਹਨ।
ਉਨ੍ਹਾਂ ਕਿਹਾ ਕੇ ਪੰਜਾਬ ਸਰਕਾਰ ਦੀ ਫਸਲੀ ਵਿੰਭਿਨਤਾ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਬਾਗਬਾਨੀ ਬਾਰੇ ਬਜਟ ਵਧਾਉਣ ਦਾ ਦਾਅਵਾ ਖੋਖਲਾ ਹੈ। ਇਸ ਬਾਰੇ ਬਜਟ ਤੇ ਰਕਬਾ ਵਧਾਉਣ ਬਾਰੇ ਕੋਈ ਠੋਸ ਤਜਵੀਜ ਨਹੀਂ ਤੇ ਨਾ ਹੀ ਨਹਿਰੀ ਪਾਣੀ ਨਾ ਮਿਲਣ ਕਰਕੇ ਬਾਗ ਪੁੱਟਣ ਲਈ ਮਜਬੂਰ ਹੋਏ ਕਿਸਾਨਾਂ ਲਈ ਕੋਈ ਰਾਹਤ ਦਾ ਐਲਾਨ ਹੈ। ਫਲਾਂ ਤੇ ਸਬਜੀਆਂ ਦੇ ਫਰੀਜਿੰਗ ਸਿਸਟਮ ਲਈ ਮਹਿਜ 18 ਕਰੋੜ ਦੀ ਮਾਮੂਲੀ ਰਾਸ਼ੀ ਰੱਖੀ ਗਈ ਹੈ।
ਉਨ੍ਹਾਂ ਕਿਹਾ ਪੰਜਾਬ ਦੇ ਗੰਭੀਰ ਖੇਤੀ ਸੰਕਟ ਲਈ ਝੋਨੇ ਦੀ ਥਾਂ ਬਦਲਵੀਆਂ ਫਸਲਾਂ ਦੀ ਜਰੂਰਤ ਹੈ। ਜਿੱਥੇ ਉਨ੍ਹਾਂ ਦੀ ਖਰੀਦ ਬਾਰੇ ਸਰਕਾਰ ਦਾ ਬਜਟ ਚੁੱਪ ਹੈ। ਉਥੇ ਹੀ ਸਥਾਨਕ ਵਾਤਾਵਰਣ ਤੇ ਸਥਾਨਕ ਲੋੜਾਂ ਲਈ ਢੁਕਵੀਂਆਂ ਫਸਲਾਂ ਬਾਰੇ ਖੇਤੀ ਖੋਜ ਕਾਰਜਾਂ ਬਾਰੇ ਕੋਈ ਵੀ ਬਜਟ ਨਹੀ ਰੱਖਿਆ ਗਿਆ। ਪੰਜਾਬ ਸਰਕਾਰ ਦੀ ਫਸਲੀ ਵਿੰਭਿਨਤਾ ਮਹਿਜ ਝੋਨੇ ਦੀ ਸਿੱਧੀ ਬਿਜਾਈ ਤੱਕ ਸੀਮਤ ਹੈ, ਜਿਸ ਨੂੰ ਬਜਟ ਵਿਚ ਪ੍ਰਾਪਤੀ ਤੇ ਪਾਣੀ ਬਚਾਉਣ ਲਈ ਕਾਰਗਾਰ ਤਰੀਕੇ ਤੌਰ ਉਤੇ ਪੇਸ਼ ਕੀਤਾ ਗਿਆ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ 86 ਫੀਸਦੀ ਖਤਮ ਹੋ ਚੁੱਕਾ ਹੈ। ਜਿਸ ਲਈ ਧਰਤੀ ਹੇਠ ਪਾਣੀ ਰੀਚਾਰਜ ਕਰਨ ਲਈ ਮੋਘਿਆਂ ਦੇ ਮੁੱਢ ਵਿੱਚ ਤੇ ਬਰਸਾਤੀ ਪਾਣੀ ਲਈ ਸ਼ਹਿਰਾ ਵਿੱਚ ਰੀਚਾਰਜ ਪੁਆਇੰਟ ਬਨਾਉਣ ਬਾਰੇ ਕੋਈ ਯੋਜਨਾ ਨਹੀ। ਕਿਉਂਕਿ ਸ਼ਹਿਰਾਂ ਵਿੱਚ ਜਿਆਦਾ ਇਲਾਕਾ ਪੱਕਾ ਹੋਣ ਕਰਕੇ ਬਾਰਿਸ਼ ਦਾ ਪਾਣੀ ਧਰਤੀ ਹੇਠ ਨਹੀ ਜਾਂਦਾ ਪਰ ਸਰਕਾਰ ਨੇ ਇੰਨੇ ਗੰਭੀਰ ਸੰਕਟ ਲਈ ਮਹਿਜ 21 ਕਰੋੜ ਦੀ ਰਾਸ਼ੀ ਰੱਖੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab Budget 2022, Punjab farmers