CM ਮਾਨ ਤੇ ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦਾ ਦੌਰਾ ਕੀਤਾ। ਸੀਐੱਮ ਨੇ ਕਿਹਾ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਸੀਐੱਮ ਮਾਨ 12 ਅਪ੍ਰੈਲ ਨੂੰ ਅਮਿਤ ਸ਼ਾਹ ਨੂੰ ਮਿਲਣਗੇ। ਉਨ੍ਹਾਂ ਕਿਹਾ ਪੰਜਾਬ ਪੁਲਿਸ ਨੂੰ ਅਪਗ੍ਰੇਡ ਕਰਨ ਲਈ ਫੰਡ ਦੀ ਕਮੀ ਨਹੀਂ ਡ੍ਰੋਨ ਨੂੰ ਫੜ੍ਹਨ ਵਾਲੀ ਤਕਨੀਕ ਜ਼ਰੂਰਤ ਹੈ। ਹੁਣ ਰਾਜਪਾਲ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਹਰ ਤਿੰਨੇ ਮਹੀਨੇ ਬਾਅਦ ਰਾਜਪਾਲ ਦੌਰਾ ਕਰਨਗੇ।
ਕੌਮੀ ਸੁਰੱਖਿਆ ਦੇ ਮੁੱਦੇ `ਤੇ ਕੋਈ ਸਮਝੌਤਾ ਨਾ ਕਰਨ `ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 12 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ ਤਾਂ ਜੋ ਪੰਜਾਬ ਪੁਲਿਸ ਨੂੰ ਅਤਿਆਧੁਨਿਕ ਤਕਨੀਕੀ ਉਪਕਰਨ ਮੁਹੱਈਆ ਕਰਵਾਉਣ ਦਾ ਮੁੱਦਾ ਉਠਾਇਆ ਜਾ ਸਕੇ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਦਾ ਮਾਮਲਾ ਵੀ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਸੀਐਮ ਮਾਨ ਸਰਹੱਦੀ ਖੇਤਰ ਫ਼ਾਜ਼ਿਲਕਾ ਦਾ ਦੌਰਾ ਕਰਨ ਪੁੱਜੇ ਹੋਏ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਰੱਹਦੀ ਜਿ਼ਲ੍ਹੇ ਦੇ ਸਰਪੰਚਾਂ ਅਤੇ ਪੰਚਾਂ ਦੇ ਨਾਲ ਨਾਲ ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ।
ਰਾਜਪਾਲ ਨੇ ਕਿਹਾ, “ਮੀਟਿੰਗ ਦਾ ਮੁੱਖ ਏਜੰਡਾ ਇਨ੍ਹਾਂ ਜਿ਼ਲ੍ਹਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਮਜ਼ਬੂਤ ਤੰਤਰ ਤਿਆਰ ਕਰਨਾ ਸੀ, ਖ਼ਾਸਕਰ ਜਦੋਂ ਗੁਆਂਢੀ ਦੇਸ਼ ਡਰੋਨਾਂ ਰਾਹੀਂ ਨਸਿ਼ਆਂ ਅਤੇ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਵਿੱਚ ਸੰਕਟ ਪੈਦਾ ਕਰਨ ਦੇ ਤਰੀਕੇ ਲੱਭ ਰਿਹਾ ਹੈ,” ਰਾਜਪਾਲ ਨੇ ਅੱਗੇ ਕਿਹਾ, ਇਸ ਸਬੰਧ ਵਿੱਚ ਅਣਗਹਿਲੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਸਰਹੱਦ ਪਾਰੋਂ ਆਏ ਨਸ਼ੇ ਸਕੂਲ ਜਾਣ ਵਾਲੇ ਬੱਚਿਆਂ ਦੇ ਹੱਥਾਂ ਤੱਕ ਪੁੱਜ ਜਾਣ ਤੇ ਚਿੰਤਾ ਜ਼ਾਹਰ ਕਰਦਿਆਂ ਰਾਜਪਾਲ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਅਜਿਹੀ ਨਾਪਾਕ ਗਤੀਵਿਧੀ ਧਿਆਨ ਵਿਚ ਆਉਣ ਤੇ ਤੁਰੰਤ ਇਸਦੀ ਸੂਚਨਾ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਦੇਣ ਲਈ ਕਿਹਾ।
ਰਾਜਪਾਲ ਨੇ ਅੱਗੇ ਦੱਸਿਆ ਕਿ ਨੌਜਵਾਨਾਂ, ਖਾਸ ਕਰਕੇ ਸਰਹੱਦੀ ਖੇਤਰਾਂ ਨਾਲ ਸਬੰਧਤ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਜਲਦੀ ਹੀ ਅਗਨੀਪਥ ਨਾਂ ਦੀ ਇੱਕ ਸਕੀਮ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਵਿੱਚ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਤੋਂ ਇਲਾਵਾ ਫੌਜ ਵਿੱਚ 4 ਸਾਲ ਲਈ ਰੁਜ਼ਗਾਰ ਵੀ ਦਿੱਤਾ ਜਾਵੇਗਾ।
ਰਾਜਪਾਲ ਨੇ ਅੱਗੇ ਕਿਹਾ “ਮੈਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹਿੱਤਾਂ ਦੇ ਮੁੱਦੇ ਭਾਰਤ ਸਰਕਾਰ ਕੋਲ ਉਠਾਉਣ ਲਈ ਕੀਤੇ ਗਏ ਹਰ ਯਤਨ ਨੂੰ ਦਿਲੋਂ ਸਮਰਥਨ ਦੇਵਾਂਗਾ”, ਰਾਜਪਾਲ ਨੇ ਇਹ ਵੀ ਕਿਹਾ ਕਿ ਉਹ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਹਰ 3 ਮਹੀਨਿਆਂ ਬਾਅਦ ਸਰਹੱਦੀ ਜਿ਼਼ਲ੍ਹਿਆਂ ਦਾ ਦੌਰਾ ਕਰਨਗੇ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਉਨ੍ਹਾਂ ਸ਼ਹੀਦਾਂ ਦੀ ਧਰਤੀ ਹੈ, ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਹੀਦ ਏ ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਵਰਗੇ ਮਹਾਨ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ, “ਹੁਣ ਵੀ ਸੂਬੇ ਦੇ ਬਹਾਦਰ ਨੌਜਵਾਨ ਦੇਸ਼ ਦੀ ਰੱਖਿਆ ਲਈ ਫੌਜ ਵਿੱਚ ਸੇਵਾਵਾਂ ਦੇ ਕੇ ਆਪਣੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ”, ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਧਿਆਨ ਸਕੂਲਾਂ, ਕਾਲਜਾਂ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਸਨਅਤ ਲਿਆਉਣ ਅਤੇ ਹੁਨਰ ਵਿਕਾਸ ਸੰਸਥਾਵਾਂ ਦੀ ਸਥਾਪਨਾ ਤੇ ਹੈ ਤਾਂ ਜੋ ਉਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ ਜਿਨ੍ਹਾਂ ਕੋਲ ਬਹੁਤਾਤ ਵਿੱਚ ਪ੍ਰਤਿਭਾ ਹੈ ਪਰ ਉਹਨਾਂ ਨੂੰ ਵਰਤਣ ਦਾ ਕੋਈ ਸਾਧਨ ਨਹੀਂ ਹੈ।
ਮਾਨ ਨੇ ਅੱਗੇ ਕਿਹਾ, "ਰਾਜ ਸਰਕਾਰ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਲਈ ਭਵਿੱਖ ਦੇ ਅਧਿਕਾਰੀ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ ਸੈਨਿਕ ਸਕੂਲਾਂ ਨੂੰ ਲਿਆਉਣ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amit Shah, Banwarilal Purohit, Bhagwant Mann