• Home
 • »
 • News
 • »
 • punjab
 • »
 • PUNJAB CM CHANNI LOSES HER TEMPER IN FRUSTRATION AS COURT CASES ARE ANNOUNCED

ਚੰਨੀ ਹਤਾਸ਼ਾ 'ਚ ਦਿਮਾਗੀ ਤਵਾਜ਼ਨ ਗੁਆ ਬੈਠਾ ਜੋ ਅਦਾਲਤ ਵਿਚ ਸੁਣਵਾਈ ਅਧੀਨ ਕੇਸਾਂ ਦੇ ਫੈਸਲੇ ਐਲਾਨ ਰਿਹੈ

ਅਕਾਲੀ ਦਲ ਇਸਦਾ ਮੂੰਹ ਤੋੜ ਜਵਾਬ ਦੇਵੇਗਾ : ਪ੍ਰੋ. ਚੰਦੂਮਾਜਰਾ

ਚੰਨੀ ਹਤਾਸ਼ਾ 'ਚ ਦਿਮਾਗੀ ਤਵਾਜ਼ਨ ਗੁਆ ਬੈਠਾ ਜੋ ਅਦਾਲਤ ਵਿਚ ਸੁਣਵਾਈ ਅਧੀਨ ਕੇਸਾਂ ਦੇ ਫੈਸਲੇ ਐਲਾਨ ਰਿਹੈ (file photo)

 • Share this:
  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਉਹਨਾਂ ਦੀਆਂ ਬਦਲਾਖੋਰੀ ਤਕਰੀਬਾਂ ਵਾਰ ਵਾਰ ਫੇਲ੍ਹ ਹੋਣ ਤੇ ਮੂੰਹ ਦੀ ਖਾਣ ਕਾਰਨ ਹਤਾਸ਼ਾ ਵਿਚ ਆਪਣਾ ਦਿਮਾਗੀ ਤਵਾਜ਼ਨ ਗੁਆ ਬੈਠਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮੁੱਖ ਮੰਤਰੀ ਦੇ ਬੇਅਦਬੀ ਤੇ ਕੋਟਕਪੁਰਾ ਤੇ ਬਹਿਬਲ ਕਲਾਂ ਫਾਇਰਿੰਗ ਮਾਮਲਿਆਂ ਵਿਚ ਆਪਾ ਵਿਰੋਧੀ ਬਿਆਨ ਹੋਰ ਕੁਝ ਨਹੀਂ ਬਲਕਿ ਇਕ ਹਤਾਸ਼ ਹੋਏ ਵਿਅਕਤੀ ਦੀ ਬੱਕੜਵਾਹ ਹਨ ਕਿਉਂਕਿ ਉਸਨੇ ਮਹਿਸੂਸ ਕਰ ਲਿਆ ਹੈ ਕਿ ਉਸਦੀ ਖੇਡ ਖਤਮ ਹੋ ਗਈ ਤੇ ਦਿਨ ਗਿਣਤੀ ਤੇ ਰਹਿ ਗਏ ਹਨ।

  ਇਕ ਪਾਸੇ ਤਾਂ ਚੰਨੀ ਬੇਅਦਬੀ ਤੇ ਫਾਇਰਿੰਗ ਘਟਨਾਵਾਂ ਬਾਰੇ ਬੇਸ਼ਰਮੀ ਨਾਲ ਝੁਠ ਬੋਲਦੇ ਹਨ ਤੇ ਦੂਜੇ ਪਾਸੇ ਮਾਮਲੇ ਅਦਾਲਤ ਵਿਚ ਸੁਣਵਾਈ ਅਧੀਨ ਹੋਣ ਦੇ ਬਹਾਨੇ ਪਿੱਛੇ ਓਟ ਲੈ ਲੈਂਦੇ ਹਨ। ਜੇਕਰ ਕੇਸ ਅਦਾਲਤ ਵਿਚ ਸੁਣਵਾਈ ਅਧੀਨ ਹੈ, ਜੋ ਅਸਲ ਵਿਚ ਹੈ ਵੀ, ਤਾਂ ਫਿਰ ਚੰਨੀ ਨੂੰ ਫੈਸਲਾ ਸੁਣਾਉਣ ਦਾ ਕੀ ਹੱਕ ਹੈ ? ਅਤੇ ਜੇਕਰ ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਹੋਣ ਦਾ ਤਰਕ ਉਹਨਾਂ ਨੁੰ ਕੇਸ, ਜੋ ਉਹਨਾਂ ਦੇ ਆਪਣੇ ਮੁਤਾਬਕ ਨਿਆਂਪਾਲਿਕਾ ਵਿਚ ਹੈ, ਦੇ ਅਪਮਾਨਜਨਕ ਫੈਸਲੇ ਸੁਣਾਉਣ ਤੋਂ ਨਹੀਂ ਰੋਕਦਾ ਤਾਂ ਫਿਰ ਉਹਨਾਂ ਨੂੰ ਸਬੂਤ ਸਾਂਝੇ ਕਰਨ ਤੋਂ ਕੌਣ ਰੋਕ ਰਿਹਾ ਹੈ ? ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਹੈ। ਉਹਨਾਂ ਨਾਲ ਹੀ ਕਿਹਾ ਕਿ ਪੰਜਾਬ ਅੱਜ ਅਜਿਹੇ ਆਵਾਰਾ ਪਸ਼ੂਆਂ ਦੇ ਹੱਥ ਵਿਚ ਹੈ ਜੋ ਇਹ ਜਾਣ ਕੇ ਆਪੇ ਤੋਂ ਬਾਹਰ ਹੋ ਗਏ ਹਨ ਕਿ ਉਹਨਾਂ ਦੇ ਮੌਜੂਦਾ ਰੁਤਬਿਆਂ ’ਤੇ ਉਹ ਹੁਣ ਕੁਝ ਹਫਤਿਆਂ ਦੇ ਹੀ ਮਹਿਮਾਨ ਹਨ।

  ਮੁੱਖ ਮੰਤਰੀ ਚੰਨੀ ਵੱਲੋਂ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਇਕ ਸੰਵੇਦਨਸ਼ੀਲ ਮਾਮਲੇ ’ਤੇ ਦਿੱਤੇ ਸਿਆਸੀ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਸਮਝ ਵਿਚ ਆਉਂਦਾ ਹੈ ਕਿ ਸ੍ਰੀ ਚੰਨੀ ਨਮੋਸ਼ੀ ਨਾਲ ਭਰੇ ਸਿਆਸਤਦਾਨ ਵਾਂਗ ਵਿਹਾਰ ਕਰ ਰਹੇ ਹਨ ਜਿਸ ’ਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਮੜ੍ਹੀ ਗਈ ਹੋਵੇ। ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ, ਚੰਨੀ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ ਤੇ ਸੁਨੀਲ ਜਾਖੜ ਨੇ ਰਲ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਾਂਚ ਰਿਪੋਰਟ ਬੋਲ ਕੇ ਲਿਖਾਈ ਸੀ। ਉਹਨਾਂ ਕਿਹਾ ਕਿ ਇਹ ਆਗੂ ਦਿਨ ਰਾਤ ਇਹ ਦਾਅਵੇ ਕਰਦੇ ਸਨ ਕਿ ਇਹ ਇਤਿਹਾਸਕ ਰਿਪੋਰਟ ਹੈ ਤੇ ਨਿਆਂਪਾਲਿਕਾ ਅਕਾਲੀ ਆਗੂਆਂ ਨੂੰ ਜੇਲ੍ਹ ਭੇਜੇਗੀ। ਜਦੋਂ ਇਹ ਰਿਪੋਰਟ ਹਾਈ ਕੋਰਟ ਵਿਚ ਸੌਂਪੀ ਗਈ ਤਾਂ ਇਹਨਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਪਰ ਜਦੋਂ ਮਾਣਯੋਗ ਹਾਈ ਕੋਰਟ ਦੇ ਜੱਜ ਨੇ ਨਾ ਸਿਰਫ ਇਹ ਰਿਪੋਰਟ ਇਕ ਸ਼ੇਖੀ ਕਰਾਰ ਦਿੱਤਾ ਤੇ ਇਸਨੁੰ ਪੂਰੀ ਤਰ੍ਹਾਂ ਇਕਪਾਸੜ ਤੇ ਆਧਾਰਹੀਣ ਕਹਿ ਕੇ ਰੱਦ ਕੀਤਾ ਤਾਂ ਇਹ ਆਗੂ ਲੁੱਕਣ ਲੱਗ ਪਏ ਤੇ ਇਹ ਲੋਕਾਂ ਨੁੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ। ਉਹਨਾਂ ਕਿਹਾ ਕਿ ਇਹਨਾਂ ਨੂੰ ਸਦਮੇ ਵਿਚੋਂ ਉਭਰਨ ਲਈ ਕਈ ਹਫਤੇ ਲੱਗੇ।

  ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿਆਣੇ ਲੋਕਾਂ ਨੇ ਸਮਝਿਆ ਸੀ ਕਿ ਇਹ ਕਾਂਗਰਸੀ ਆਗੂ ਵੀ ਸਾਰੀ ਦੁਨੀਆਂ ਸਾਹਮਣੇ ਹੋਈ ਜ਼ਲਾਲਤ ਤੋਂ ਸ਼ਰਮ ਕਰਨਗੇ ਤੇ ਮੁੜ ਇਹ ਬਜ਼ਰ ਗਲਤੀ ਨਹੀਂ ਦੁਹਰਾਉਣਗੇ। ਪਰ ਕਿਉਂਕਿ ਇਹ ਕਾਂਗਰਸ ਹੈ ਤੇ ਬੇਸ਼ਰਮੀ ਇਸਦਾ ਦੂਜਾ ਨਾਂ ਹੈ ਤੇ ਇਸੇ ਲਈ ਇਹਨਾਂ ਆਗੂਆਂ ਨੇ ਸਬਕ ਨਹੀਂ ਸਿੱਖਿਆ। ਇਹ ਹਾਲੇ ਵੀ ਅਕਾਲੀ ਆਗੂਆਂ ਦੇ ਮਗਰੋ ਬਦਲਾਖੋਰੀ ਦੀ ਰਾਜਨੀਤੀ ਲੈ ਕੇ ਅੰਨ੍ਹੇ ਹੋ ਕੇ ਤੁਰ ਰਹੇ ਹਨ।

  ਅਕਾਲੀ ਆਗੂ ਨੇ ਕਿਹਾ ਕਿ ਅਸੀਂ ਇਹਨਾਂ ਸੌੜੀ ਸੋਚ ਵਾਲਿਆਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਜਿਹਨਾਂ ਦੀ ਹੋਂਦ ਬੇਸ਼ਰਮੀ ਨਾਲ ਝੁਠ ਬੋਲਣ ’ਤੇ ਟਿਕੀ ਹੈ ਤੇ ਇਹਨਾਂ ਦੇ ਪਰਿਵਾਰ ਵੀ ਇਹਨਾਂ ਦੀਆਂ ਇਹਨਾਂ ਹਰਕਤਾਂ ਤੋਂ ਸ਼ਰਮਸ਼ਾਰ ਹੁੰਦੇ ਹੋਣੇ।
  Published by:Ashish Sharma
  First published: