• Home
 • »
 • News
 • »
 • punjab
 • »
 • PUNJAB CM RIDICULES GREEDY SAD FOR CLINGING TO POWER EVEN AFTER BJP S CRITICISM OF AKALIS ON FARM BILLS

ਅਕਾਲੀ ਦਲ ਪੰਜਾਬ ਅਤੇ ਕਿਸਾਨਾਂ ਦੀ ਕੀਮਤ 'ਤੇ ਸੱਤਾ ਸੁੱਖ ਭੋਗਣ ਦੇ ਆਖਰੀ ਪੜਾਵਾਂ ‘ਤੇ- ਕੈਪਟਨ ਅਮਰਿੰਦਰ

ਸੁਖਬੀਰ ਵੱਲੋਂ ਹਰਸਿਮਰਤ ਦੇ ਅਸਤੀਫੇ ਨੂੰ 'ਪਰਮਾਣੂੰ ਬੰਬ' ਕਹਿਣ 'ਤੇ ਵਿਅੰਗ ਕਰਦਿਆਂ ਕਿਹਾ, ਇਹ ਤਾਂ ਫੁੱਸ ਪਟਾਕਾ ਵੀ ਨਹੀਂ ਨਿਕਲਿਆ

ਮੁੱਖ ਮੰਤਰੀ ਨੇ ਖੇਤੀਬਾੜੀ ਬਿੱਲਾਂ 'ਤੇ ਭਾਜਪਾ ਵੱਲੋਂ ਅਕਾਲੀਆਂ ਦੀ ਖੁੰਬ ਠੱਪਣ ਤੋਂ ਬਾਅਦ ਵੀ ਸੱਤਾ ਨਾਲ ਚਿੰਬੜੇ ਰਹਿਣ ਦੀ ਅਕਾਲੀ ਦਲ ਦੀ ਲਾਲਸਾ ਦਾ ਮਖੌਲ ਉਡਾਇਆ
(file photo)

ਮੁੱਖ ਮੰਤਰੀ ਨੇ ਖੇਤੀਬਾੜੀ ਬਿੱਲਾਂ 'ਤੇ ਭਾਜਪਾ ਵੱਲੋਂ ਅਕਾਲੀਆਂ ਦੀ ਖੁੰਬ ਠੱਪਣ ਤੋਂ ਬਾਅਦ ਵੀ ਸੱਤਾ ਨਾਲ ਚਿੰਬੜੇ ਰਹਿਣ ਦੀ ਅਕਾਲੀ ਦਲ ਦੀ ਲਾਲਸਾ ਦਾ ਮਖੌਲ ਉਡਾਇਆ (file photo)

 • Share this:
  ਵਿਵਾਦਤ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਇਕ-ਦੂਜੇ ਖਿਲਾਫ ਸੌਦੇਬਾਜ਼ੀ ਕਰ ਰਹੀਆਂ ਪੁਰਾਣੀਆਂ ਸਹਿਯੋਗੀ ਪਾਰਟੀਆਂ ਅਕਾਲੀ ਦਲ ਤੇ ਭਾਜਪਾ ਵੱਲੋਂ ਜਨਤਕ ਤੌਰ 'ਤੇ ਆਪਸ ਵਿੱਚ ਦੋਸ਼ ਲਾਉਣ ਦੀ ਖੇਡੀ ਜਾ ਰਹੀ ਸਿਆਸਤ ਦਾ ਮੌਜੂ ਉਡਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਕਾਲੀਆਂ ਵੱਲੋਂ ਐਨ.ਡੀ.ਏ. ਗਠਜੋੜ ਨਾ ਛੱਡਣਾ ਉਨ੍ਹਾਂ ਵੱਲੋਂ ਸੱਤਾ ਹਾਸਲ ਕਰਨ ਲਈ ਖਾਹਸ਼ ਤੇ ਲਾਲਚ ਨੂੰ ਸਿੱਧ ਕਰਦਾ ਹੈ।

  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਅਤੇ ਕਿਸਾਨਾਂ ਦੀ ਕੀਮਤ 'ਤੇ ਸੱਤਾ ਸੁੱਖ ਭੋਗਣ ਦੇ ਆਖਰੀ ਪੜਾਵਾਂ ਉਤੇ ਹੈ, ਇਸ ਦੇ ਬਾਵਜੂਦ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਜਨਤਕ ਤੌਰ 'ਤੇ ਉਨ੍ਹਾਂ ਨੂੰ ਅਪਮਾਨਤ ਕੀਤਾ ਜਾਂਦਾ ਹੈ। ਉਨ੍ਹਾਂ  ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਅਤੇ ਕਿਸਾਨੀ ਭਾਈਚਾਰੇ ਪ੍ਰਤੀ ਚਿੰਤਾ ਦੀ ਪੂਰਨ ਘਾਟ ਦਾ ਪਰਦਾਫਾਸ਼ ਕੀਤਾ। ਉਹ ਭਾਜਪਾ ਦੇ ਉਸ ਬਿਆਨ ਦਾ ਹਵਾਲਾ ਦੇ ਰਹੇ ਸਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਜਪਾ ਨੇ ਖੇਤੀਬਾੜੀ ਬਿੱਲਾਂ ਉਤੇ ਕਿਸਾਨਾਂ ਨੂੰ ਮਨਵਾਉਣ ਦਾ ਕੰਮ ਅਕਾਲੀਆਂ ਉਤੇ ਛੱਡ ਦਿੱਤਾ ਸੀ।

  ਮੁੱਖ ਮੰਤਰੀ ਨੇ ਕਿਹਾ, ''ਅਕਾਲੀ ਅਜੇ ਵੀ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਹਿੱਸਾ ਕਿਉਂ ਹਨ ਜਿਨ੍ਹਾਂ ਨੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨਾਂ ਨੂੰ ਰੋਜ਼ੀ ਰੋਟੀ ਤੋਂ ਵਾਂਝੇ ਕਰਨ ਅਤੇ ਪੰਜਾਬ ਨੂੰ ਬਰਾਬਦ ਕਰਨ ਦੀ ਸਾਜਿਸ਼ ਰਚੀ ਹੈ। ਉਨ੍ਹਾਂ  ਕਿਹਾ ਕਿ ਅਕਾਲੀ ਦਲ ਹਾਲੇ ਵੀ ਰਾਜਸੀ ਤੌਰ 'ਤੇ ਬਣੇ ਰਹਿਣ ਲਈ ਆਪਣਾ ਹਰ ਹੀਲਾ ਵਸੀਲਾ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ।

  ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ਼ਰਮਨਾਕ ਤਰੀਕੇ ਨਾਲ ਦੋਹਰੀ ਬੋਲੀ ਬੋਲਣ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਕਿਸਾਨਾਂ ਵਿੱਚ ਫੈਲੇ ਵਿਆਪਕ ਰੋਹ ਤੋਂ ਬਾਅਦ ਆਪਣੀ ਰਾਜਸੀ ਸ਼ਾਖ ਬਚਾਉਣ ਲਈ ਹਰਸਿਮਰਤ ਕੌਰ ਵੱਲੋਂ ਕੇਂਦਰੀ ਵਜ਼ਾਰਤ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਸੁਖਬੀਰ ਬਾਦਲ ਕੇਂਦਰ ਸਰਕਾਰ ਵਿੱਚੋਂ ਅਕਾਲੀ ਦਲ ਨੂੰ ਬਾਹਰ ਕਰ ਲੈਣਗੇ ਪਰ ਇਸ ਤਰ੍ਹਾਂ ਅਜਿਹਾ ਨਹੀਂ ਹੋਇਆ।

  ਗੈਰ-ਸੰਵਿਧਾਨਕ ਤੇ ਗੈਰ-ਲੋਕਤੰਤਰਿਕ ਖੇਤੀਬਾੜੀ ਬਿੱਲਾਂ ਰਾਹੀਂ ਕਾਰਪੋਰੇਟ ਘਰਾਣਿਆਂ ਕੋਲ ਹਿੱਤ ਵੇਚਣ ਵਾਲੀ ਕੇਂਦਰ ਸਰਕਾਰ ਦੀ ਲਗਾਤਾਰ ਹਮਾਇਤ ਕਰਨ ਲਈ ਅਕਾਲੀਆਂ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਪੂਰੀ ਤਰ੍ਹਾਂ ਆਪਣੀ ਰਾਜਸੀ ਭਰੋਸੇਯੋਗਤਾ ਗਵਾ ਲਈ ਹੈ ਜਾਂ ਨਵੇਂ ਕਾਨੂੰਨਾਂ 'ਤੇ ਅੜਿੱਕੇ ਖੜੇ ਕੀਤੇ ਹੋਏ ਹਨ। ਉਨ੍ਹਾਂ  ਕਿਹਾ ਕਿ ਅਕਾਲੀ ਦਲ ਦੇ ਖਾਤਮੇ ਲਈ ਬਾਦਲ ਹੀ ਜ਼ਿੰਮੇਵਾਰ ਹਨ।

  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਅਕਾਲੀਆਂ ਪ੍ਰਤੀ ਨਾਰਾਜ਼ਗੀ ਤੋਂ ਲੈ ਕੇ ਭਾਜਪਾ ਨਾਲ ਨਜਿੱਠਣ ਤੱਕ ਜਾਪ ਰਿਹਾ ਹੈ ਕਿ ਅਕਾਲੀ ਦਲ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਪੂਰੀ ਤਰ੍ਹਾਂ ਅਲੋਪ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਖਾਸ ਕਰਕੇ ਕਿਸਾਨ ਬਾਦਲਾਂ ਨੂੰ ਉਨ੍ਹਾਂ ਦੇ ਧੋਖੇ ਅਤੇ ਬੇਇਮਾਨੀ ਲਈ ਕਦੇ ਮਾਫ ਨਹੀਂ ਕਰਨਗੇ।

  ਸੁਖਬੀਰ ਵੱਲੋਂ ਹਰਸਿਮਰਤ ਦੇ ਕੇਂਦਰੀ ਵਜ਼ਾਰਤ ਵਿੱਚੋਂ ਅਸਤੀਫੇ ਨੂੰ 'ਪਰਮਾਣੂੰ ਬੰਬ' ਆਖਣ ਜਿਸ ਨੇ ਪ੍ਰਧਾਨ ਮੰਤਰੀ ਹਿਲਾ ਦਿੱਤਾ, ਉਤੇ ਵਿਅੰਗ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਤਾਂ ਇਹ ਇਕ ਫੁੱਸ ਪਟਾਕਾ ਵੀ ਨਹੀਂ ਸੀ ਜਿਸ ਦਾ ਕੋਈ ਅਸਰ ਨਹੀਂ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਅਕਾਲੀਆਂ ਦੀ ਰੱਤੀ ਭਰ ਵੀ ਪਰਵਾਹ ਨਹੀਂ ਕਰਦੇ ਜਿਵੇਂ ਕਿ ਉਸ ਦੇ ਗਠਜੋੜ ਦੇ ਸਾਬਕਾ ਭਾਈਵਾਲ ਦੀ ਆਲੋਚਨਾ ਤੋਂ ਸ਼ਪੱਸ਼ਟ ਹੋ ਰਿਹਾ ਹੈ ਅਤੇ ਹਰਸਿਮਰਤ ਦਾ ਅਸਤੀਫਾ ਵੀ ਝੱਟ ਹੀ ਸਵਿਕਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਅਕਾਲੀ ਦਲ ਨੇ ਸੱਤਾਧਾਰੀ ਗਠਜੋੜ ਆਪਣੇ ਆਪ ਨਹੀਂ ਛੱਡਿਆ ਤਾਂ ਲੱਗਦਾ ਹੈ ਕਿ ਐਨ.ਡੀ.ਏ. ਅਕਾਲੀ ਦਲ ਨੂੰ ਆਪਣੇ ਆਪ ਬਾਹਰ ਕੱਢ ਦੇਵੇਗੀ।

  ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕਿਸਾਨਾਂ ਦੇ ਅੰਦੋਲਨ ਅਤੇ ਕੱਲ ਦੇ ਭਾਰਤ/ਪੰਜਾਬ ਬੰਦ ਦੇ ਸੱਦੇ ਦੀ ਸਫਲਤਾ ਦਾ ਸਿਹਰਾ ਲੈਣ ਦੀਆਂ ਉਨ੍ਹਾਂ ਕੋਸ਼ਿਸ਼ਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਿਸ ਵਿੱਚ ਸੁਖਬੀਰ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਨੇ ਕਿਸਾਨਾਂ ਵੱਲੋਂ ਬੰਦ ਦੇ ਸੱਦੇ ਤੋਂ ਬਾਅਦ ਸੂਬਾ ਪੱਧਰ 'ਤੇ ਚੱਕਾ ਜਾਮ ਕਰਨ ਦੇ ਐਲਾਨ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਸਾਬੋਤਾਜ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕੀਤੀ। ਇਹ ਗੱਲ ਕਿਸਾਨ ਜਥੇਬੰਦੀਆਂ ਦੇ ਗਲੇ ਨਹੀਂ ਉਤਰੀ ਜਿਨ੍ਹਾਂ ਨੇ ਅਕਾਲੀ ਦਲ ਦੀ ਕਾਰਵਾਈ ਦੀ ਸਖਤ ਨਿੰਦਾ ਕੀਤੀ।
  Published by:Ashish Sharma
  First published: